ਸਟਾਫ ਦੀ ਘਾਟ ਕਾਰਨ ਸਰਕਾਰੀ ਹਸਪਤਾਲ ਖੁਦ ਬੀਮਾਰ

12/12/2017 2:42:17 AM

ਭੁੱਚੋ ਮੰਡੀ(ਨਾਗਪਾਲ)-ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਸਥਾਨਕ ਦੋ ਮੰਜ਼ਿਲੀ ਸਰਕਾਰੀ ਹਸਪਤਾਲ ਸਟਾਫ ਦੀ ਘਾਟ ਕਾਰਨ ਖ਼ੁਦ ਬੀਮਾਰ ਪਿਆ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਅਣਦੇਖੀ ਕਰ ਕੇ ਆਮ ਜਨਤਾ ਇਸ ਤੋਂ ਲਾਭ ਨਹੀਂ ਉਠਾ ਰਹੀ। ਸਰਕਾਰ ਵੱਲੋਂ ਇਥੇ ਤਾਇਨਾਤ ਡਾਕਟਰ ਅਤੇ ਸਟਾਫ ਦੀ ਬਦਲੀ ਤਾਂ ਕਰ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਦੀ ਜਗ੍ਹਾ ਹੋਰ ਕੋਈ ਮੁਲਾਜ਼ਮ ਨਹੀਂ ਭੇਜਿਆ ਜਾਂਦਾ। ਇਸ ਸਮੇਂ ਹਸਪਤਾਲ 'ਚ ਐੱਸ. ਐੱਮ. ਓ. ਸਮੇਤ ਦੋ ਹੋਰ ਡਾਕਟਰ ਹਨ, ਜਦਕਿ ਰੋਜ਼ਾਨਾ ਦੀ ਓ. ਪੀ. ਡੀ. 150 ਦੇ ਕਰੀਬ ਹੈ। ਹਸਪਤਾਲ ਵਿਚ ਤਾਇਨਾਤ ਲੇਡੀ ਡਾਕਟਰ ਅਤੇ ਤਿੰਨਾਂ 'ਚੋਂ ਦੋ ਫਾਰਮਾਸਿਸਟਾਂ ਦੀ ਵੀ ਬਦਲੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਸ ਸਮੇਂ ਹਸਪਤਾਲ ਵਿਚ ਸਿਰਫ਼ ਇਕ ਫਾਰਮਾਸਿਸਟ ਹੈ, ਜਿਸ ਕਾਰਨ ਹਸਪਤਾਲ ਦਾ ਕੰੰਮ ਪ੍ਰਭਾਵਿਤ ਹੋ ਰਿਹਾ ਹੈ। ਓ. ਪੀ. ਡੀ. ਲਈ ਆਏ ਮਰੀਜ਼ਾਂ ਦੀ ਪਰਚੀ ਕੱਟਣ ਅਤੇ ਫਿਰ ਦਵਾਈ ਦੇਣ ਦੇ ਨਾਲ-ਨਾਲ ਟੀ. ਬੀ. ਦੇ ਮਰੀਜ਼ਾਂ ਨੂੰ ਰੋਜ਼ਾਨਾ ਦਵਾਈ ਦੇਣ ਆਦਿ ਹੋਰ ਕੰਮਾਂ ਕਰ ਕੇ ਓ. ਪੀ. ਡੀ. ਖਿੜਕੀ ਦੇ ਅੱਗੇ ਮਰੀਜ਼ਾਂ ਦੀ ਲਾਈਨ ਲੱਗ ਜਾਂਦੀ ਹੈ। ਲੇਡੀ ਡਾਕਟਰ ਦੀ ਘਾਟ ਕਰਕੇ ਮਹਿਲਾ ਮਰੀਜ਼ਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮੰਡੀ ਦੀਆਂ ਲੋਕ ਭਲਾਈ ਸੰਸਥਾਵਾਂ ਭਾਰਤੀਆ ਮਹਾਵੀਰ ਦਲ ਅਤੇ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਸਿਹਤ ਮੰਤਰੀ ਨੂੰ ਲਿਖੇ ਪੱਤਰ 'ਚ ਹਸਪਤਾਲ ਵਿਚ ਸਟਾਫ ਭੇਜਣ ਦੀ ਮੰਗ ਕੀਤੀ ਗਈ ਹੈ।