ਬਗੈਰ ਕਿਸੇ ਸਰਕਾਰੀ ਗਰਾਂਟ ਜਾਂ ਆਮਦਨ ਦੇ ਪਿੰਡ ਲੱਧਾਹੇੜੀ ਬਣਿਆ ਮਿਸਾਲ

11/28/2019 2:04:48 PM

ਨਾਭਾ (ਭੂਪਾ)—ਇਥੋਂ ਕੁਝ ਦੂਰੀ 'ਤੇ ਸਥਿਤ ਪਿੰਡ ਲੱਧਾਹੇੜੀ ਦੀ ਗਰਾਮ ਪੰਚਾਇਤ ਪਿੰਡ ਵਿਚ ਆਮਦਨ ਦਾ ਕੋਈ ਸਾਧਨ ਨਾ ਹੋਣ ਦੇ ਬਾਵਜੂਦ ਵੀ ਪਿੰਡ ਵਿਚ ਵਿਕਾਸ ਕਾਰਜਾਂ ਵਿਚ ਨਵੀਆਂ ਬੁਲੰਦੀਆਂ ਸਰ ਕਰ ਰਹੀ ਹੈ ਤੇ ਨਵੇਂ-ਨਵੇਂ ਮੀਲ ਪੱਥਰ ਗੱਡਣ ਦੇ ਰਾਹ ਪਈ ਹੋਈ ਹੈ ਜਿਸ ਸਦਕਾ ਹੁਣ ਇਲਾਕੇ ਅੰਦਰ ਇਸ ਪਿੰਡ ਦੀ ਮਿਸਾਲ ਦਿੱਤੀ ਜਾਣ ਲੱਗੀ ਹੈ ਕਿ ਅਗਰ ਪਿੰਡ ਵਾਸੀ ਕਿਸੇ ਕੰਮ ਨੂੰ ਕਰਨ ਲਈ ਤਨੋ, ਮਨੋ ਅਤੇ ਧਨੋ ਸਹਿਯੋਗ ਕਰਨਾ ਸ਼ੁਰੂ ਕਰ ਦੇਣ ਤਾਂ ਔਖੇ ਤੋਂ ਔਖਾ ਕੰਮ ਵੀ ਮਿੰਟਾਂ ਸੈਕਿੰਟਾਂ ਵਿਚ ਕੀਤਾ ਜਾ ਸਕਦਾ ਹੈ।

ਇਸ ਗਰਾਮ ਪੰਚਾਇਤ ਦੇ ਚੁਣੇ ਹੋਏ ਮੈਂਬਰਾਂ ਤੇ ਸੂਝਵਾਨ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਸਦਕਾ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਪਿੰਡ ਦੇ ਮਿਡਲ ਸਕੂਲ ਨੂੰ ਰੰਗ ਰੋਗਨ ਕਰਵਾ ਕੇ ਸ਼ਹਿਰੀ ਸਕੂਲਾਂ ਦੇ ਹਾਣ ਦਾ ਬਣਾਇਆ ਤੇ ਬਾਅਦ ਵਿਚ ਇਸ ਦੇ ਮੁੱਖ ਗੇਟ ਉੱਪਰ ਸਰਕਾਰੀ ਸੈਲਫ ਸਮਾਰਟ ਮਿਡਲ ਸਕੂਲ ਪਿੰਡ ਲੱਧਾ ਹੇੜੀ, ਜ਼ਿਲਾ ਪਟਿਆਲਾ ਲਿਖਵਾਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਸਕੂਲ ਨੂੰ ਸਮਾਰਟ ਸਕੂਲ ਦਾ ਰੰਗ ਰੂਪ ਦੇਣ ਪਿੱਛੇ ਸਿਰਫ ਪਿੰਡ ਵਾਸੀਆਂ ਦਾ ਯੋਗਦਾਨ ਹੈ ਜਦ ਕਿ ਇਸ ਕੰਮ ਲਈ ਸਰਕਾਰ ਵਲੋਂ ਕੋਈ ਫੰਡ ਜਾਂ ਗਰਾਂਟ ਨਹੀਂ ਮਿਲੀ।

ਇਸ ਤੋਂ ਕੁਝ ਸਮਾਂ ਬਾਅਦ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਸਰਪੰਚ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੇ ਕੁਝ ਸਥਾਨਕ ਸੰਸਥਾਵਾਂ ਦੀ ਸਹਾਇਤਾ ਸਦਕਾ ਇਕੱਤਰ ਕੀਤੇ ਫੰਡਾਂ ਦੁਆਰਾ ਪਿੰਡ ਵਿਚਲੇ ਪਸ਼ੂ ਹਸਪਤਾਲ ਵਾਲੀ ਇਮਾਰਤ ਦੀ ਗਿਰ ਰਹੀ ਛੱਤ ਵੀ ਬਦਲੀ ਗਈ। ਜਦੋਂ ਇਨ੍ਹਾਂ ਵਿਕਾਸ ਕਾਰਜਾ ਬਾਰੇ ਪੱਤਰਕਾਰਾਂ ਨੇ ਮਨਜਿੰਦਰ ਸਿੰਘ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਪਿੰਡ ਦੇ ਸਾਰੇ ਵਾਸੀ ਪੰਚਾਇਤ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਜਿਸ ਕਾਰਣ ਅਸੀਂ ਹੁਣ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਵੀ ਸਮਾਜ ਨੂੰ ਉਸਾਰੂ ਸੇਧ ਦੇਣ ਵਾਲੀਆਂ ਤਸਵੀਰਾਂ ਬਣਵਾਵਾਂਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਵਿਚ ਆਮਦਨ ਲਈ ਕੋਈ ਸ਼ਾਮਲਾਤ ਜ਼ਮੀਨ ਵਗੈਰਾ ਵੀ ਨਹੀਂ ਹੈ ਪਰ ਪਿੰਡ ਦੇ ਪੰਚ ਬਲਵੀਰ ਸਿੰਘ, ਪੰਚ ਜਗਦੇਵ ਸਿੰਘ, ਪੰਚ ਮਨਜੀਤ ਕੌਰ, ਕੁਲਦੀਪ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਤੁੰਗਾਂ, ਸਾਬਕਾ ਪੰਚ ਕੁਲਦੀਪ ਸਿੰਘ, ਕੇਵਲ ਕ੍ਰਿਸ਼ਨ, ਗੁਰਦੀਪ ਸਿੰਘ ਗਰੇਵਾਲ, ਸ਼ਿੰਦਰ ਸਿੰਘ, ਗੁਰਜੀਤ ਸਿੰਘ ਗਰੇਵਾਲ ਸਮੇਤ ਲਗਭਗ ਹਰ ਪਿੰਡ ਵਾਸੀ ਨੇ ਸਾਨੂੰ ਭਰਵਾਂ ਸਹਿਯੋਗ ਦਿੱਤਾ ਹੈ।

Shyna

This news is Content Editor Shyna