ਕਿਸਾਨਾਂ ਨੇ ਨਹੀਂ ਸਰਕਾਰੀ ਏਜੰਟਾਂ ਨੇ ਲਹਿਰਾਇਆ ਲਾਲ ਕਿਲੇ ''ਤੇ ਕੇਸਰੀ ਝੰਡਾ : ਇਕਬਾਲ ਸਿੰਘ ਖੇੜਾ

01/27/2021 7:57:56 PM

ਗੜਸ਼ੰਕਰ,(ਸ਼ੋਰੀ)- ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਉੱਠੇ ਵਿਵਾਦ ਨੂੰ ਲੈ ਕੇ ਕਿਸਾਨ ਆਗੂ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਇਹ ਝੰਡਾ ਲਹਿਰਾਉਣ ਵਾਲੇ ਸਰਕਾਰੀ ਏਜੰਟ ਹਨ ਅਤੇ ਇਨ੍ਹਾਂ ਲੋਕਾਂ ਨੂੰ ਕਿਸਾਨਾਂ ਦੇ ਸੰਘਰਸ਼ ਦੀ ਬਜਾਏ ਸਰਕਾਰ ਦੇ ਹਿੱਤਾਂ ਦੀ ਜਿਆਦਾ ਚਿੰਤਾ ਬਣੀ ਹੋਈ ਹੈ। 
ਇਕਬਾਲ ਸਿੰਘ ਖੇੜਾ ਜੋ ਕੀ 26 ਨਵੰਬਰ ਤੋਂ ਲਗਾਤਾਰ ਸਿੰਘੂ ਬਾਰਡਰ 'ਤੇ ਲੰਗਰ ਦੀ ਸੇਵਾ ਆਪਣੇ ਸਾਥੀਆਂ ਨਾਲ ਚਲਾ ਰਹੇ ਹਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਝੰਡਾ ਲਹਿਰਾਉਣ ਵਾਲੇ ਵਿਅਕਤੀਆਂ ਨੂੰ ਪੁਲਸ ਨੇ ਖੁਦ  ਬੈਰੀਗੇਟ ਹਟਾ ਕੇ ਲਾਲ ਕਿਲੇ ਵੱਲ ਭੇਜਿਆ ਤਾਂ ਕਿ ਕਿਸਾਨ ਸੰਘਰਸ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
 ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਦੀਪ ਸਿੱਧੂ, ਲੱਖਾ ਸਧਾਣਾ ਅਤੇ ਉਨ੍ਹਾਂ ਦੇ ਨਾਲ ਜੋ ਵੀ ਹੋਰ ਲੋਕ ਇਸ ਕੰਮ ਵਿੱਚ ਸ਼ਾਮਲ ਸਨ ਅਸੀਂ ਉਸ ਦੀ ਕਰੜੀ ਨਿੰਦਾ ਕਰਦੇ ਹਾਂ ਕਿਉਂਕਿ ਸਾਡਾ ਇਕਮਾਤਰ ਏਜੰਡਾ ਬਿੱਲਾਂ ਨੂੰ ਰੱਦ ਕਰਵਾਉਣਾ ਹੈ ਨਾ ਕਿ ਕਿਸੇ ਪ੍ਰਕਾਰ ਦੀ ਹੋਰ ਅਰਾਜਕਤਾ ਜਾਂ ਵਿਵਾਦ ਪੈਦਾ ਕਰਨਾ ਹੈ।
ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਸਾਜਿਸ਼ ਦਾ ਲੋਕਾਂ ਨੂੰ ਹੁਣ ਪਤਾ ਚੱਲ ਚੁੱਕਾ ਹੈ ਅਤੇ ਇਸ ਨਾਲ ਕਿਸਾਨੀ ਸੰਘਰਸ਼ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ ਬਲਕਿ ਸਾਨੂੰ ਹੁਣ ਆਪਣੇ ਸੰਘਰਸ਼ ਵਿੱਚ ਸ਼ਾਮਲ ਉਨ੍ਹਾਂ ਚੇਹਰਿਆਂ ਦਾ ਪਤਾ ਲੱਗ ਗਿਆ ਹੈ ਜੋ ਸਾਡੇ ਵਿੱਚ ਰਹਿ ਕੇ ਸਾਨੂੰ ਖ਼ਰਾਬ ਕਰਨ 'ਤੇ ਲੱਗੇ ਹੋਏ ਹਨ। 
ਇਸ ਮੌਕੇ ਇਕਬਾਲ ਸਿੰਘ ਖੇੜਾ ਦੇ ਨਾਲ ਨਿਰਮਲ ਸਿੰਘ ਭੀਲੋਵਾਲ, ਅਮਨਦੀਪ ਸਿੰਘ ਨੰਗਲਾਂ, ਲੱਖਾ ਸਿੰਘ ਪਾਲਦੀ, ਹਰਦੀਪ ਸਿੰਘ ਬਾਹੋਵਾਲ, ਅਵਤਾਰ ਸਿੰਘ, ਜਗਮੋਹਨ ਸਿੰਘ ਹਵੇਲੀ, ਹਰਜੀਤ ਸਿੰਘ ਬੈਂਸ, ਸ਼ਮਿੰਦਰ ਸਿੰਘ ਠਿੰਡਾ, ਸ਼ਿੰਗਾਰਾ ਸਿੰਘ ਸਹਿਤ ਹੋਰ ਵੀ ਹਾਜਰ ਸਨ।

Bharat Thapa

This news is Content Editor Bharat Thapa