ਜੈਪੁਰ ਦੇ ਪੈਟਰਨ ''ਤੇ ਹੋਵੇਗੀ ਬੁੱਢੇ ਨਾਲੇ ਦੀ ਸਫਾਈ

04/26/2018 5:00:46 AM

ਲੁਧਿਆਣਾ(ਹਿਤੇਸ਼)-ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਦਿਸ਼ਾ 'ਚ ਚਲ ਰਹੀ ਕਵਾਇਦ ਤਹਿਤ ਸਰਕਾਰ ਨੇ ਜੈਪੁਰ ਪੈਟਰਨ ਅਪਨਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਟਾਟਾ ਦੀ ਟੀਮ ਨੇ ਬੁੱਧਵਾਰ ਨੂੰ ਸਾਈਟ ਦੇ ਇਲਾਵਾ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਜਿਥੋਂ ਤਕ ਜੈਪੁਰ ਪੈਟਰਨ ਦਾ ਸੁਆਲ ਹੈ, ਟਾਟਾ ਨੇ 40 ਕਿਲੋਮੀਟਰ ਤੋਂ ਲੰਬੇ ਨਾਲੇ ਨੂੰ ਸਾਫ਼ ਕੀਤਾ ਹੈ, ਜਿਸ ਨਾਲੇ ਵਿਚ ਡਾਇੰਗ ਤੇ ਇੰਡਸਟਰੀ ਦਾ ਕਰੀਬ 170 ਐੱਮ. ਐੱਲ. ਡੀ. ਪਾਣੀ ਡਿੱਗਦਾ ਹੈ, ਇਹ ਪ੍ਰਾਜੈਕਟ 2016 'ਚ ਸ਼ੁਰੂ ਹੋਣ ਦੇ ਬਾਅਦ ਦੋ ਸਾਲ ਦੇ ਤੈਅ ਸਮੇਂ ਅੰਦਰ ਦਸੰਬਰ 2018 ਤਕ ਪੂਰਾ ਹੋਣ ਜਾ ਰਿਹਾ ਹੈ, ਜਿਸ 'ਤੇ ਲਗਭਗ 1500 ਕਰੋੜ ਦੀ ਲਾਗਤ ਆਈ ਹੈ। ਉਸ ਵਿਚ ਟਾਟਾ ਨੇ ਨਾਲੇ ਦੀ ਲਾਈਨਿੰਗ ਕਰਨ ਦੇ ਇਲਾਵਾ ਲੈਂਡ ਸਕੇਪਿੰਗ ਕੀਤੀ ਹੈ। ਉਪਰੋਕਤ ਰਿਪਰੋਟ ਦੇ ਆਧਾਰ 'ਤੇ ਪੰਜਾਬ ਮਿਊਂਸੀਪਲ ਇੰਫ੍ਰਾਸਟੱ੍ਰਕਚਰ ਡਿਵੈੱਲਪਮੈਂਟ ਕੰਪਨੀ ਵੱਲੋਂ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਜ਼ਿੰਮਾ ਟਾਟਾ ਨੂੰ ਸੌਂਪਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਟੀਮ ਨੂੰ 15 ਮਈ ਤਕ ਡਿਟੇਲ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿਸ ਵਿਚ ਮੁੱਖ ਪਹਿਲੂ ਇਹ ਰਹੇਗਾ ਕਿ ਨਾਲੇ ਵਿਚ ਬਿਨਾਂ ਟਰੀਟਮੈਂਟ ਦੇ ਡਿਗ ਰਹੇ ਸੀਵਰੇਜ ਦੇ ਪਾਣੀ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਸ ਤਹਿਤ ਟਾਟਾ ਪਹਿਲਾਂ ਬੁੱਢੇ ਨਾਲੇ ਦਾ ਡਿਸਚਾਰਜ ਮਾਪਣ ਸਮੇਤ ਉਸਦੇ ਪਾਣੀ ਵਿਚ ਪ੍ਰਦੂਸ਼ਣ ਦਾ ਲੈਵਲ ਚੈੱਕ ਕਰੇਗੀ।
ਪੁਰਾਣੀਆਂ ਯੋਜਨਾਵਾਂ ਦੀ ਵੀ ਹੋਵੇਗੀ ਸਟੱਡੀ
ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਨਾਂ 'ਤੇ ਹੁਣ ਤਕ ਕਈ ਵਾਰ ਸਰਵੇ ਕਰਵਾਇਆ ਜਾ ਚੁੱਕਾ ਹੈ। ਜਿਸ ਤਹਿਤ ਇੰਜੀਨੀਅਰਿੰਗ ਇੰਡੀਆ ਲਿਮਟਿਡ ਤੇ ਇਕ ਹੋਰ ਕੰਪਨੀ ਵੱਲੋਂ ਕਰੋੜਾਂ ਰੁਪਏ ਲੈ ਕੇ ਡੀ. ਪੀ. ਆਰ. ਤਿਆਰ ਕੀਤੀ ਗਈ ਸੀ ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਹੁਣ ਟਾਟਾ ਵੱਲੋਂ ਉਨ੍ਹਾਂ ਯੋਜਨਾਵਾਂ ਦੀ ਵੀ ਸਟੱਡੀ ਕੀਤੀ ਜਾਵੇਗੀ, ਜਿਸ ਵਿਚ ਬਿਨਾਂ ਟਰੀਟਮੈਂਟ ਦੇ ਡਿੱਗ ਰਹੇ ਪਾਣੀ ਨੂੰ ਨਾਲੇ ਦੇ ਕਿਨਾਰੇ ਸੀਵਰੇਜ ਲਾਈਨ ਪਾ ਕੇ ਪਲਾਂਟ ਤਕ ਲਿਜਾਣ ਤੇ ਪਲਾਂਟ ਦੀ ਸਮਰੱਥਾ ਵਧਾਉਣ ਦਾ ਪਹਿਲੂ ਸ਼ਾਮਲ ਕੀਤਾ ਗਿਆ ਹੈ।
ਲਾਗਤ ਦੀ ਭਰਪਾਈ ਲਈ ਜ਼ਮੀਨਾਂ ਵੇਚਣ ਦਾ ਪ੍ਰਸਤਾਵ
ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਹੁਣ ਤਕ ਜਿੰਨੀਆਂ ਵੀ ਯੋਜਨਾਵਾਂ ਬਣੀਆਂ ਹਨ ਉਨ੍ਹਾਂ 'ਤੇ ਅਮਲ ਨਾ ਹੋਣ ਦੀ ਮੁੱਖ ਵਜ੍ਹਾ ਫੰਡ ਦੀ ਕਮੀ ਵਜੋਂ ਸਾਹਮਣੇ ਆਈ ਹੈ। ਉਸ ਦੇ ਹੱਲ ਲਈ ਵੀ ਟਾਟਾ ਨੇ ਜੈਪੁਰ ਪੈਟਰਨ ਅਪਨਾਉਣ ਦਾ ਸੁਝਾਅ ਦਿੱਤਾ ਹੈ, ਜਿਸ ਤਹਿਤ ਨਾਲੇ ਦੇ ਕਿਨਾਰੇ ਖਾਲੀ ਪਈ ਜਗ੍ਹਾ ਨੂੰ ਕਮਰਸ਼ੀਅਲ ਸਾਈਟ ਵਜੋਂ ਵਿਕਸਿਤ ਕੀਤਾ ਗਿਆ ਹੈ।