ਸਰਕਾਰ ਪਈ ਨਰਮ, ਮੁਅੱਤਲ ਅਧਿਆਪਕਾਂ ਦੀ ਬਹਾਲੀ ਦਾ ਵੀ ਮਿਲਿਆ ਭਰੋਸਾ

10/24/2018 10:01:50 AM

ਚੰਡੀਗੜ੍ਹ/ਪਟਿਆਲਾ (ਭੁੱਲਰ, ਜੋਸਨ)—ਰਮਸਾ ਤੇ ਐੱਸ. ਐੱਸ. ਏ. ਅਧਿਆਪਕਾਂ ਦੀ ਤਨਖਾਹ 'ਚ ਕਟੌਤੀ ਕਰਕੇ ਰੈਗੂਲਰ ਕੀਤੇ ਜਾਣ ਦੇ ਫੈਸਲੇ ਦੇ ਵਿਰੋਧ ਵਿਚ ਚੱਲ ਰਹੇ ਰਾਜ ਪੱਧਰੀ ਅੰਦੋਲਨ ਪ੍ਰਤੀ ਸਖ਼ਤ ਰਵੱਈਆ ਅਪਣਾ ਰਹੀ ਪੰਜਾਬ ਸਰਕਾਰ ਪਿਛਲੇ ਦਿਨੀਂ ਪਟਿਆਲਾ ਵਿਚ ਹੋਏ ਰਾਜ ਪੱਧਰੀ ਵਿਸ਼ਾਲ ਰੋਸ ਮਾਰਚ ਤੋਂ ਬਾਅਦ ਹੁਣ ਕੁੱਝ ਨਰਮ ਪੈ ਗਈ ਹੈ। ਅੱਜ ਇਥੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦੀ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨਾਲ ਹੋਈਆਂ ਮੀਟਿੰਗਾਂ 'ਚ ਭਾਵੇਂ ਅੱਜ ਕੋਈ ਫੈਸਲਾ ਤਾਂ ਨਹੀਂ ਹੋ ਸਕਿਆ ਪਰ ਮਾਮਲੇ ਦੇ ਗੱਲਬਾਤ ਰਾਹੀਂ ਹੱਲ ਸਬੰਧੀ ਸੁਖਾਵਾਂ ਮਾਹੌਲ ਜ਼ਰੂਰ ਬਣਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਅੰਦੋਲਨਕਾਰੀ ਅਧਿਆਪਕ ਆਗੂਆਂ ਨਾਲ ਖੁਦ ਮੀਟਿੰਗ ਕਰਨ ਲਈ ਸਹਿਮਤ ਹੋ ਗਏ ਹਨ ਤੇ ਵਿਦੇਸ਼ ਦੌਰੇ ਤੋਂ ਵਾਪਸੀ ਉਪਰੰਤ 5 ਨਵੰਬਰ ਨੂੰ ਇਹ ਮੀਟਿੰਗ ਹੋਵੇਗੀ।

ਮੁੱਖ ਮੰਤਰੀ ਦੇ  ਦਿਸ਼ਾ ਨਿਰਦੇਸ਼ਾਂ 'ਤੇ ਹੀ ਅੱਜ ਪੰਜਾਬ ਸਕੱਤਰੇਤ 'ਚ ਅਧਿਆਪਕ ਮੋਰਚੇ ਦੇ ਆਗੂਆਂ ਨਾਲ ਉਚ ਅਧਿਕਾਰੀਆਂ ਸੁਰੇਸ਼ ਕੁਮਾਰ ਤੇ ਕੈਪਟਨ ਸੰਧੂ ਨਾਲ ਚਾਰ ਘੰਟੇ ਤੋਂ ਵੱਧ ਦੇ ਸਮੇਂ ਤੱਕ ਚੱਲੀਆਂ ਮੀਟਿੰਗਾਂ ਦੌਰਾਨ ਦੋਵਾਂ ਧਿਰਾਂ ਵਲੋਂ ਖੁੱਲ੍ਹ ਕੇ ਅਧਿਆਪਕਾਂ ਨੂੰ ਘੱਟ ਤਨਖਾਹ 'ਚ ਰੈਗੂਲਰ ਕੀਤੇ ਜਾਣ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਹੋਇਆ। ਇਸ ਦੌਰਾਨ  ਸਰਕਾਰ ਵਲੋਂ ਅਧਿਆਪਕਾਂ ਨੂੰ ਪਟਿਆਲਾ 'ਚ ਚੱਲ ਰਿਹਾ ਮਰਨ ਵਰਤ ਤੇ ਰਾਜ ਵਿਚ ਕੀਤਾ ਜਾ ਰਿਹਾ ਅੰਦੋਲਨ ਵਾਪਸ ਲੈਣ 'ਤੇ ਜ਼ੋਰ ਪਾਇਆ ਗਿਆ ਪਰ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਉਹ ਮੁੱਖ ਮੰਤਰੀ ਨਾਲ ਗੱਲਬਾਤ ਤੱਕ ਆਪਣਾ ਅੰਦੋਲਨ ਮੁਲਤਵੀ ਕਰਨ ਲਈ ਤਿਆਰ ਨਹੀਂ ਹਨ।  ਇਸ ਤੋਂ ਪਹਿਲਾਂ ਵਿਭਾਗ ਵਲੋਂ ਮੁਅੱਤਲ ਕੀਤੇ ਗਏ ਅਧਿਆਪਕਾਂ ਦੀ ਬਹਾਲੀ ਕੀਤੀ ਜਾਵੇ ਤੇ ਦੂਰ ਦੁਰਾਡੇ ਕੀਤੇ ਤਬਾਦਲੇ ਰੱਦ ਕੀਤੇ ਜਾਣ। ਇਸ ਬਾਰੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਵਲੋਂ ਅਧਿਆਪਕ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਐੱਸ.ਐੱਸ.ਏ. ਤੇ ਰਮਸਾ ਅਧਿਆਪਕਾਂ ਨੇ ਘੱਟ ਤਨਖਾਹ 'ਤੇ ਰੈਗੂਲਰ ਹੋਣ ਜਾਂ ਫਿਰ ਪ੍ਰਾਈਵੇਟ ਕੰਪਨੀਆਂ ਅਧੀਨ ਪਹਿਲੀ ਤਨਖਾਹ 'ਤੇ ਕੰਮ ਕਰਨ ਲਈ ਦਿੱਤੀ ਆਪਸ਼ਨ ਬਾਰੇ ਵੀ ਵਿਚਾਰ ਹੋਇਆ। 

ਮਰਨ ਵਰਤ 17ਵੇਂ ਦਿਨ ਵੀ ਜਾਰੀ

ਚੀਫ ਪ੍ਰਿੰਸੀਪਲ ਸੈਕਟਰੀ ਦੇ ਫੈਸਲੇ ਨਾਲ ਅਧਿਆਪਕਾਂ ਨੂੰ ਕੁਝ ਰਾਹਤ  ਮਿਲੀ ਹੈ। ਇਨ੍ਹਾਂ ਅਧਿਆਪਕਾਂ ਨੇ ਲਿਖਤੀ ਹੁਕਮ ਨਾ ਆਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅਧਿਆਪਕਾਂ ਨੇ ਅੱਜ ਮਰਨ ਵਰਤ ਦੇ 17ਵੇਂ ਦਿਨ ਵਿਸ਼ਾਲ ਧਰਨਾ ਲਾ ਕੇ  ਨਾਅਰੇਬਾਜ਼ੀ ਕੀਤੀ। 

ਸਿੱਖਿਆ ਵਿਭਾਗ ਬਾਹਰ, ਹੁਣ ਸੁਰੇਸ਼  ਕੁਮਾਰ ਕਰਨਗੇ ਅਧਿਆਪਕਾਂ ਨੂੰ ਡੀਲ

ਅਧਿਆਪਕਾਂ ਦੀ ਮੰਗ 'ਤੇ ਹੁਣ ਸਿੱਖਿਆ ਵਿਭਾਗ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਮੀਟਿੰਗਾਂ ਵਿਚ ਨਾ ਬਿਠਾਉਣ ਦਾ ਫੈਸਲਾ ਕੀਤਾ ਹੈ। ਹੁਣ ਅਗਲੀਆਂ ਮੀਟਿੰਗਾਂ ਵੀ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਆਪ ਅਧਿਆਪਕ ਨੇਤਾਵਾਂ ਨਾਲ ਕਰਨਗੇ।