ਸਰਕਾਰ ਨੇ ਜਾਰੀ ਕੀਤੇ ਮਜੀਠਾ ਤੋਂ ਬਾਈਪਾਸ ਸੜਕ ਲਈ 18 ਕਰੋੜ ਰੁਪਏ

11/19/2017 2:10:57 PM

ਅੰਮ੍ਰਿਤਸਰ (ਦਲਜੀਤ) - ਟੁੱਟੀ ਮਜੀਠਾ ਰੋਡ ਤੋਂ ਰੋਜ਼ਾਨਾ ਲੰਘਣ ਵਾਲੇ ਲੱਖਾਂ ਰਾਹਗੀਰਾਂ ਲਈ ਰਾਹਤ ਭਰੀ ਖਬਰ ਹੈ। ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਪੰਜਾਬ ਸਰਕਾਰ ਨੇ ਬਾਈਪਾਸ ਤੋਂ ਮਜੀਠਾ ਤੱਕ ਦੋ ਮਾਰਗੀ ਸੜਕ ਬਣਾਉਣ ਲਈ 18 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਦੱਤੀ ਵੱਲੋਂ ਪੀ. ਡਬਲਿਊ. ਡੀ. ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਇਕ ਮਹੀਨੇ ਦੇ ਅੰਦਰ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਮਜੀਠਾ ਤੋਂ ਬਾਈਪਾਸ ਤੱਕ ਦੋ ਮਾਰਗੀ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਗਠਜੋੜ ਦੇ ਸਮੇਂ ਦੌਰਾਨ ਫੰਡਾਂ ਦੀ ਘਾਟ ਕਾਰਨ ਸੜਕ ਦਾ ਕੰਮ ਵਿਚਾਲੇ ਹੀ ਰਹਿ ਗਿਆ। ਸੜਕ ਦੀ ਹਾਲਤ ਇੰਨੀ ਬਦਤਰ ਹੋ ਚੁੱਕੀ ਸੀ ਕਿ ਇਥੇ ਰੋਜ਼ਾਨਾ ਹਾਦਸੇ ਵਾਪਰਦੇ ਸਨ। ਢਾਈ ਕਿਲੋਮੀਟਰ ਤੱਕ ਸੜਕ ਦਾ ਟੋਟਾ ਤਾਂ ਇੰਨੀ ਬੁਰੀ ਤਰ੍ਹਾਂ ਖਰਾਬ ਸੀ ਕਿ ਉਸ ਤੋਂ ਬੜੀ ਮੁਸ਼ਕਲ ਨਾਲ ਵਾਹਨ ਲੰਘਦੇ ਸਨ। ਸੜਕ ਕੱਚੀ ਹੋਣ ਕਾਰਨ ਉਸ ਤੋਂ ਉਠਣ ਵਾਲੇ ਮਿੱਟੀ-ਘੱਟੇ ਕਾਰਨ ਦੁਕਾਨਦਾਰਾਂ ਦਾ ਵਪਾਰ ਬਿਲਕੁਲ ਖਤਮ ਹੋ ਗਿਆ ਸੀ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਸਨ।
ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਨੇ ਲੋਕਾਂ ਦੀ ਆਵਾਜ਼ ਬਣਦਿਆਂ ਪਹਿਲ ਦੇ ਆਧਾਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਉਕਤ ਸੜਕ ਦਾ ਮਾਮਲਾ ਚੁੱਕਿਆ ਅਤੇ ਲੋੜੀਂਦੀ ਰਾਸ਼ੀ ਲਈ ਗੱਲਬਾਤ ਕੀਤੀ। ਦੱਤੀ ਦੇ ਯਤਨਾਂ ਸਦਕਾ ਅੱਜ ਇਹ ਰਾਸ਼ੀ ਜਾਰੀ ਹੋ ਗਈ ਹੈ। ਵਿਧਾਇਕ ਸੁਨੀਲ ਦੱਤੀ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਠਜੋੜ ਦੇ ਸਮੇਂ ਦੌਰਾਨ ਉਕਤ ਸੜਕ ਦੇ ਕੰਮ ਨੂੰ ਬਿਲਕੁਲ ਅਣਗੌਲਿਆ ਗਿਆ ਸੀ ਪਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਉਨ੍ਹਾਂ ਵੱਲੋਂ ਸੜਕ ਦਾ ਬੰਦ ਕੰਮ ਦੁਬਾਰਾ ਸ਼ੁਰੂ ਕਰਵਾਉਣ ਲਈ ਉਕਤ ਰਾਸ਼ੀ ਪੀ. ਡਬਲਿਊ. ਡੀ. ਨੂੰ ਉਪਲਬਧ ਕਰਵਾਈ ਗਈ ਹੈ।
ਦੱਤੀ ਨੇ ਕਿਹਾ ਕਿ ਦੋ ਮਾਰਗੀ ਸੜਕ 'ਤੇ ਸੀਵਰੇਜ ਦਾ ਕੰਮ ਕਰਵਾਇਆ ਜਾਵੇਗਾ। ਡਿਵਾਈਡਰ 'ਚ ਫੁੱਲ-ਬੂਟੇ ਲਾਏ ਜਾਣਗੇ ਅਤੇ ਆਧੁਨਿਕ ਲਾਈਟਾਂ ਲਾ ਕੇ ਸੜਕ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਪੀ. ਡਬਲਿਊ. ਡੀ. ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਇਕ ਮਹੀਨੇ ਦੇ ਅੰਦਰ ਸੜਕ ਦਾ ਕੰਮ ਮੁਕੰਮਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਸੇਵਕ ਅਤੇ ਸੇਵਾ ਦੇ ਮੰਤਵ ਨਾਲ ਹੀ ਸੱਤਾ 'ਚ ਆਏ ਹਨ। ਇਸ ਮੌਕੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਹਰੀਦੇਵ ਸ਼ਰਮਾ ਤੇ ਨੌਜਵਾਨ ਕਾਂਗਰਸੀ ਆਗੂ ਸਰਬਜੀਤ ਸ਼ਰਮਾ ਨੌਸ਼ਹਿਰਾ ਵੀ ਮੌਜੂਦ ਸਨ।