ਗੋਸਾਈਂ ਕਤਲ ਕੇਸ : ਪੁਲਸ ਨੇ ਜਾਰੀ ਕੀਤੀ ਸ਼ੱਕੀ ਦਾ ਸਕੈੱਚ

11/03/2017 1:13:18 AM

ਲੁਧਿਆਣਾ - ਬਹੁ-ਚਰਚਿਤ ਰਵਿੰਦਰ ਗੋਸਾਈਂ ਕਤਲਕਾਂਡ ਕੇਸ 'ਚ ਪੰਜਾਬ ਪੁਲਸ ਨੇ ਇਕ ਸੰਭਾਵਿਤ ਸ਼ੱਕੀ ਦਾ ਸਕੈੱਚ ਜਾਰੀ ਕੀਤਾ ਹੈ, ਜੋ ਕਿ ਮਿਲਰਗੰਜ ਇਲਾਕੇ ਤੋਂ ਹਾਸਲ ਹੋਈ ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਏ. ਸੀ. ਪੀ. ਪਵਨਜੀਤ ਨੇ ਦੱਸਿਆ ਕਿ ਇਹ ਮਿਲਰਗੰਜ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਹੈ, ਜਿੱਥੋਂ ਬਾਈਕ ਚੋਰੀ ਹੋਇਆ ਸੀ, ਜਿਸ ਦਾ ਪਤਾ ਦੱਸਣ ਵਾਲੇ ਲਈ ਪੰਜਾਬ ਪੁਲਸ ਵੱਲੋਂ 5 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਗਿਆ ਹੈ।
ਇਸ ਤੋਂ ਪਹਿਲਾਂ ਕਾਤਲਾਂ ਦਾ ਸੁਰਾਗ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਅਤੇ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਵਜੂਦ ਇਸ ਦੇ ਪੁਲਸ ਦੇ ਹੱਥ ਅਜੇ ਤੱਕ ਕੋਈ ਸਫਲਤਾ ਨਹੀਂ ਲੱਗੀ, ਜਿਸ ਨੂੰ ਲੈ ਕੇ ਪੁਲਸ ਵਿਭਾਗ ਵੀ ਚਿੰਤਤ ਹੈ।
ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ. ਮੋਹਨ ਸ਼ਾਖਾ ਦੇ ਮੁਖੀ ਅਧਿਆਪਕ ਰਵਿੰਦਰ ਗੋਸਾਈਂ ਦਾ ਬਸਤੀ ਜੋਧੇਵਾਲ ਦੀ ਗਗਨਦੀਪ ਕਾਲੋਨੀ ਵਿਚ 17 ਅਕਤੂਬਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸ਼ਾਖਾ ਤੋਂ ਘਰ ਪਰਤੇ ਸਨ। ਇਸ ਵਾਰਦਾਤ ਨੂੰ ਮੋਟਰਸਾਈਕਲ ਸਵਾਰ 2 ਦਹਿਸ਼ਤਗਰਦਾਂ ਨੇ ਅੰਜਾਮ ਦਿੱਤਾ ਸੀ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ਦੇਸ਼ ਦੀ ਪ੍ਰਮੁੱਖ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੂੰ ਸੌਂਪ ਦਿੱਤੀ ਗਈ ਸੀ, ਜਦੋਂਕਿ ਕਾਊਂਟਰ ਇੰਟੈਲੀਜੈਂਸ ਅਤੇ ਪੰਜਾਬ ਪੁਲਸ ਆਪਣੇ ਪੱਧਰ 'ਤੇ ਵੀ ਕੇਸ ਨੂੰ ਹੱਲ ਕਰਨ ਲਈ ਹੱਥ-ਪੈਰ ਮਾਰ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਪੁਲਸ ਹੁਣ ਤੱਕ ਇਸ ਕੇਸ 'ਚ 150 ਤੋਂ ਜ਼ਿਆਦਾ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਅਤੇ 1500 ਤੋਂ ਜ਼ਿਆਦਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਚੁੱਕੀ ਹੈ।