5 ਮਹੀਨਿਆਂ ਤੋਂ ਮਲੇਸ਼ੀਆ ਦੀ ਜੇਲ 'ਚ ਬੰਦ ਹੈ ਕਮਲਵੀਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

11/29/2019 3:44:15 PM

ਗੁਰਾਇਆ (ਮੁਨੀਸ਼) : ਪਰਿਵਾਰ ਦੀ ਬਿਹਤਰੀ ਅਤੇ ਆਰਥਿਕ ਸਥਿਤੀ ਵਧੀਆ ਨਾ ਹੋਣ ਕਾਰਨ ਵਿਦੇਸ਼ ਗਿਆ ਇਕ ਨੌਜਵਾਨ ਪਿਛਲੇ ਕਰੀਬ 5 ਮਹੀਨੇ ਤੋਂ ਉਥੋਂ ਦੀ ਜੇਲ 'ਚ ਬੰਦ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਇੱਥੇ ਰੋ-ਰੋ ਕੇ ਬੁਰਾ ਹੋਇਆ ਹੈ, ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਹ ਕਿੱਥੇ ਅਤੇ ਕਿਸ ਨੂੰ ਆਪਣੀ ਮਦਦ ਦੀ ਅਪੀਲ ਕਰਨ। ਜ਼ਿਲਾ ਜਲੰਧਰ ਤਹਿਸੀਲ ਫਿਲੌਰ ਦੇ ਪਿੰਡ ਪੱਦੀ ਜਗੀਰ ਦੇ ਰਹਿਣ ਵਾਲੇ ਨੌਜਵਾਨ ਕਮਲਵੀਰ (26) ਪੁੱਤਰ ਦੇਵਰਾਜ ਦੇ ਪਰਿਵਾਰਕ ਮੈਂਬਰਾਂ 'ਚ ਉਸ ਦੀ ਪਤਨੀ ਰੀਨਾ, ਪਿਤਾ ਦੇਵਰਾਜ, ਮਾਤਾ ਬਲਵਿੰਦਰ ਕੌਰ ਅਤੇ ਚਾਚੀ ਪਰਮਜੀਤ ਕੌਰ ਨੇ ਦੱਸਿਆ ਕਿ ਕਮਲਵੀਰ ਚਾਰ ਭੈਣ-ਭਰਾ ਹਨ, ਜਿਸ ਦੀਆਂ ਦੋਵੇਂ ਭੈਣਾਂ ਵਿਆਹੁਤਾ ਹਨ ਅਤੇ ਭਰਾ ਛੋਟਾ ਹੈ।

ਕਮਲਵੀਰ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ 2 ਜੁੜਵਾ ਲੜਕੀਆਂ ਸ਼ਗੁਨ ਅਤੇ ਸ਼ਿਵਅਨਿਆ 2 ਸਾਲ ਦੀਆਂ ਹਨ। ਕਮਲਵੀਰ ਦੇ ਪਿਤਾ ਦੇਵਰਾਜ ਦੇ ਸੱਟ ਲੱਗਣ ਕਾਰਣ ਉਹ ਕੋਈ ਕੰਮ-ਧੰਦਾ ਨਹੀਂ ਕਰ ਸਕਦੇ ਅਤੇ ਮਾਤਾ ਵੀ ਘਰ 'ਚ ਹੀ ਰਹਿੰਦੀ ਹੈ। ਉਹ ਇੱਥੇ ਪਹਿਲਾਂ ਫਗਵਾੜੇ 'ਚ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਪਰ ਉਸ ਨਾਲ ਉਸ ਦੇ ਘਰ ਦਾ ਖਰਚਾ ਪੂਰਾ ਨਾ ਹੋਣ ਕਾਰਣ ਫਰਵਰੀ 2019 'ਚ ਉਹ 70,000 ਰੁਪਏ ਵਿਆਜ 'ਤੇ ਲੈ ਕੇ ਇਥੋਂ ਦੇ ਕਿਸੇ ਏਜੰਟ ਜ਼ਰੀਏ ਮਲੇਸ਼ੀਆ ਚਲਾ ਗਿਆ ਅਤੇ ਬਾਕੀ ਦੇ ਪੈਸੇ ਉਥੇ ਕੰਮ ਕਰ ਕੇ ਦੇਣੇ ਸੀ।

ਮਲੇਸ਼ੀਆ 'ਚ ਉਹ ਸਕਿਓਰਿਟੀ ਗਾਰਡ ਦਾ ਕੰਮ ਕਰਨ ਲੱਗਾ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਬਾਅਦ ਉਸ ਦੇ ਮੂੰਹ ਬੋਲੇ ਮਾਮਾ ਨੇ ਉਸ ਨੂੰ ਇਕ ਦਵਾਈ ਦੀ ਫੈਕਟਰੀ 'ਚ ਲਗਵਾ ਦਿੱਤਾ, ਜਿਸ ਨੇ 20,000 ਉਥੋਂ ਆਪਣੇ ਪਰਿਵਾਰ ਨੂੰ ਭੇਜੇ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 5 ਮਹੀਨੇ ਤੋਂ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਉਸ ਬਾਰੇ ਵਿਚ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ।

ਉਸ ਦੀ ਪਤਨੀ ਰੀਨਾ ਨੇ ਦੱਸਿਆ ਕਿ ਅਗਸਤ 'ਚ ਉਸ ਨੂੰ ਇਕ ਮੈਸੇਜ ਆਇਆ ਕਿ ਉਸ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਫਸਾ ਦਿੱਤਾ ਹੈ, ਜੋ ਹੁਣ ਮਲੇਸ਼ੀਆ ਦੀ ਜੇਲ ਵਿਚ ਬੰਦ ਹੈ। ਉਹ ਆਪਣਾ ਅਤੇ ਬੱਚਿਆਂ ਦਾ ਖਿਆਲ ਰੱਖੇ, ਬਸ ਇਨ੍ਹਾਂ ਹੀ ਮੈਸੇਜ ਆਇਆ, ਜਿਸ ਤੋਂ ਬਾਅਦ ਅੱਜ ਤੱਕ ਉਸ ਦਾ ਨਾ ਤਾਂ ਕੋਈ ਮੈਸੇਜ ਆਇਆ ਨਾ ਹੀ ਕੋਈ ਫੋਨ ਆਇਆ ਹੈ, ਜਿਸ ਕਾਰਨ ਪਰਿਵਾਰ ਕਾਫੀ ਪ੍ਰੇਸ਼ਾਨ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਪੁੱਤਰ ਦਾ ਪਤਾ ਲਗਾ ਕੇ ਉਸ ਨੂੰ ਵਾਪਸ ਲਿਆਇਆ ਜਾਵੇ। ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ।

cherry

This news is Content Editor cherry