ਪਿੰਡ ਪੱਦੀ ਜਾਗੀਰ ''ਚ ਕੋਰੋਨਾ ਕਾਰਨ ਦੂਜੀ ਮੌਤ, ਲੋਕਾਂ ''ਚ ਸਹਿਮ ਦਾ ਮਾਹੌਲ

08/25/2020 1:10:58 PM

ਗੁਰਾਇਆ (ਮੁਨੀਸ਼ ਬਾਵਾ): ਗੁਰਾਇਆ ਦੇ ਨੇੜਲੇ ਪਿੰਡ ਪੱਦੀ ਜਾਗੀਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ 'ਚ ਲਗਾਤਾਰ ਦੂਜੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 17 ਅਗਸਤ ਨੂੰ 71 ਸਾਲਾ ਸਵਰਨ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਸਵਰਨ ਸਿੰਘ ਦਾ ਪਰਿਵਾਰ ਉਸ ਨੂੰ ਹਸਪਤਾਲ ਭੇਜਣ ਦੇ ਹੱਕ 'ਚ ਨਹੀਂ ਸੀ ਪਰ ਸਿਹਤ ਵਿਭਾਗ ਦੀ ਜੱਦੋ-ਜਹਿਦ ਮਗਰੋਂ 18 ਅਗਸਤ ਨੂੰ ਕੋਰੋਨਾ ਪਾਜ਼ੇਟਿਵ ਸਵਰਣ ਸਿੰਘ ਨੂੰ ਜਲੰਧਰ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਫਿਲਹਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਸਵਰਣ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 

ਦੱਸਣਯੋਗ ਹੈ ਕਿ ਸਵਰਣ ਸਿੰਘ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਮੌਕੇ ਸਤਨਾਮ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਜਿਸ 'ਚ ਵਿਅਕਤੀ 'ਚ ਕੋਰੋਨਾ ਦੇ ਲੱਛਣ ਨਹੀਂ ਹਨ ਜਾਂ ਘੱਟ ਲੱਛਣ ਸਾਹਮਣੇ ਆਉਂਦੇ ਹਨ ਪਰ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਜਾਂਦੀ ਹੈ ਉਸ ਨੂੰ ਹਸਪਤਾਲ ਦਾਖ਼ਲ ਹੋਣ ਦੀ ਜ਼ਰੂਰਤ ਨਹੀ ਹੈ। ਉਹ ਵਿਅਕਤੀ ਘਰ 'ਚ ਹੀ ਆਈਸੋਲੈਟ ਹੋ ਸਕਦਾ ਹੈ। ਇਸ ਲਈ ਬਿਨਾਂ ਕਿਸੇ ਡਰ ਦੇ ਕੋਰੋਨਾ ਟੈਸਟ ਕਰਵਾਉ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ।

ਇਹ ਵੀ ਪੜ੍ਹੋ: ਹਲਕਾ ਸਨੌਰ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਕੋਰੋਨਾ ਪਾਜ਼ੇਟਿਵ

ਦੱਸ ਦੇਈਏ ਕਿ ਪਿੰਡ ਪੱਦੀ ਜਾਗੀਰ ਦੀ ਕੁੱਲ ਆਬਾਦੀ 2200 ਦੇ ਕਰੀਬ ਹੈ ਪਰ ਜਦੋਂ ਕੋਰੋਨਾ ਟੈਸਟ ਲਈ ਪਿੰਡ 'ਚ ਕੈਂਪ ਲਗਾਇਆ ਗਿਆ ਤਾਂ ਸਿਰਫ 17 ਲੋਕਾਂ ਵਲੋਂ ਹੀ ਆਪਣੇ ਟੈਸਟ ਕਰਵਾਏ ਗਏ ਸਨ, ਜਿਨ੍ਹਾਂ 'ਚੋਂ 4 ਲੋਕ ਪਾਜ਼ੀਟਿਵ ਪਾਏ ਗਏ ਸਨ। ਫਿਲਹਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿੰਡ ਦੇ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਵਲੋਂ ਜਲਦ ਹੀ ਦੂਜਾ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਲਈ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਅਫ਼ਸਰਸ਼ਾਹਾਂ ਦੀ ਮ੍ਰਿਤਕ ਮਾਂ ਦੀ ਸਾਂਭ-ਸੰਭਾਲ ਕਰਨ ਵਾਲਾ ਸ਼ਖ਼ਸ ਸਾਹਮਣੇ ਆਇਆ, ਕੀਤੇ ਵੱਡੇ ਖ਼ੁਲਾਸੇ

Shyna

This news is Content Editor Shyna