ਗੋਪਾਲ ਨਗਰ ਗੋਲੀ ਕਾਂਡ : ਨੰਨਾ ਤੇ ਢੱਲ ਗਰੁੱਪ, ਦੋਵੇਂ ਦੋਸ਼ੀ ਕਰਾਰ

08/30/2015 8:41:28 AM


ਜਲੰਧਰ, (ਜਤਿੰਦਰ, ਪ੍ਰੀਤ, ਭਾਰਦਵਾਜ)- ਕੋਈ ਸਮਾਂ ਸੀ ਜਦੋਂ ਮਨੋਜ ਨੰਨਾ ਅਤੇ ਕੌਂਸਲਰ ਅਮਿਤ ਢੱਲ ਦਾ ਇਕ ਹੀ ਧੜਾ ਸੀ ਪਰ ਵਿਚਾਰਾਂ ਵਿਚ ਮਤਭੇਦ ਹੋਣ ਕਾਰਨ ਦੋਵੇਂ ਧੜੇ ਵੱਖਰੇ ਹੋ ਗਏ। ਇਸ ਤੋਂ ਬਾਅਦ ਸਾਲ 2009 ਨੂੰ ਗੋਪਾਲ ਨਗਰ ਦੀ ਫੁੱਲਾਂ ਵਾਲੀ ਮਾਰਕੀਟ ਵਿਚ ਏਕਾਧਿਕਾਰ ਦੀ ਲੜਾਈ ਵਿਚ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਗੋਪਾਲ ਨਗਰ ਵਿਚ ਦਿਨ-ਦਿਹਾੜੇ ਦੋਵਾਂ ਧੜਿਆਂ ਵਿਚ ਜ਼ਬਰਦਸਤ ਫਾਈਰਿੰਗ ਹੋਈ। ਮਾਮਲਾ ਸਾਲ 2009 ਦਾ ਹੈ। ਇਸ ਦੌਰਾਨ ਮਨੋਜ ਨੰਨਾ ਅਤੇ ਦਿਨੇਸ਼ ਢੱਲ ਕਾਲੀ ਅਤੇ ਉਸਦਾ ਭਰਾ ਅਮਿਤ ਢੱਲ ਧੜਿਆਂ ਵਿਚ ਦੂਰੀਆਂ ਕਾਫੀ ਵੱਧ ਚੁੱਕੀਆਂ ਸਨ। ਦੋਵੇਂ ਧੜੇ ਇਕ-ਦੂਜੇ ਦੇ ਵਿਰੋਧੀ ਬਣ ਚੁੱਕੇ ਸਨ। ਇਸ ਦੌਰਾਨ ਗੋਪਾਲ ਨਗਰ ਵਿਚ ਮਨੋਜ ਨੰਨਾ ਦੀ ਸਰਦਾਰੀ ਵਿਚ ਚੱਲ ਰਹੀ ਫੁੱਲਾਂ ਵਾਲੀ ਮਾਰਕੀਟ ਵਿਚ ਵਿਰੋਧੀ ਸੁਰ ਉਭਰੇ। ਕਸ਼ਯਪ ਰਾਜਪੂਤ ਸਭਾ ਵਲੋਂ ਫੁੱਲਾਂ ਦੀ ਮਾਰਕੀਟ ਵਿਚ ਆਪਣੇ ਵੱਖਰੇ ਸਟਾਲ ਲਗਾਉਣੇ ਸ਼ੁਰੂ ਕੀਤੇ ਗਏ। 
ਅੰਦਰ ਹੀ ਅੰਦਰ ਸੁਲਗ ਰਹੀ ਚੰਗਿਆੜੀ ਭੜਕੀ, 26 ਸਤੰਬਰ 2009 ਨੂੰ। ਹੋਇਆ ਇਸ ਤਰ੍ਹਾਂ ਕਿ ਕਸ਼ਯਪ ਰਾਜਪੂਤ ਸਭਾ ਵਲੋਂ ਗੋਪਾਲ ਨਗਰ ਦੀ ਫੁੱਲਾਂ ਦੀ ਮਾਰਕੀਟ ਵਿਚ ਫੁੱਲਾਂ ਦਾ ਇਕ ਹੋਰ ਸਟਾਲ ਲਗਾਇਆ ਗਿਆ। ਸਟਾਲ ਦੇ ਉਦਘਾਟਨ ਲਈ ਅਮਿਤ ਢੱਲ ਨੂੰ ਬੁਲਾਇਆ ਗਿਆ। ਦੁਪਹਿਰ ਦੇ ਸਮੇਂ ਅਮਿਤ ਢੱਲ ਆਪਣੇ ਸਾਥੀਆਂ ਨਾਲ ਮਾਰਕੀਟ ਪਹੁੰਚਿਆ। ਅਜੇ ਉਹ ਸਟਾਲ ''ਤੇ ਪਹੁੰਚੇ ਹੀ ਸਨ ਕਿ ਫੁੱਲਾਂ ਦੀ ਮਾਰਕੀਟ ਵਿਚ ਅਮਿਤ ਢੱਲ ਦੇ ਆਉਣ ਦੀ ਸੂਚਨਾ ਨਾਲ ਮਾਹੌਲ ਗਰਮਾ ਗਿਆ।  ਮਾਰਕੀਟ ਵਿਚ ਵੀ ਮੌਜੂਦਾ ਮਨੋਜ ਨੰਨਾ ਅਤੇ ਅਮਿਤ ਢੱਲ ਵਿਚਾਲੇ ਝਗੜਾ ਹੋ ਗਿਆ। ਪਹਿਲਾਂ ਬੋਤਲਾਂ, ਇੱਟਾਂ ਚਲੀਆਂ ਅਤੇ ਫਿਰ ਗੋਲੀਆਂ। ਦਿਨ-ਦਿਹਾੜੇ ਹੋਈ ਵਾਰਦਾਤ ਕਾਰਨ ਮਾਰਕੀਟ ਬੰਦ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ-1 ਦੇ  ਏ. ਐੱਸ. ਆਈ. ਅਵਤਾਰ ਸਿੰਘ ਮੌਕੇ ''ਤੇ ਆਏ। ਇਸ ਤੋਂ ਪਹਿਲਾਂ ਕਿ ਉਹ ਝਗੜਾ ਰੋਕ ਪਾਉਂਦੇ। ਇਕ ਗੋਲੀ ਅਵਤਾਰ ਸਿੰਘ ਦੇ ਪੇਟ ਵਿਚ ਲੱਗੀ। ਫਾਈਰਿੰਗ ਦੋਵਾਂ ਧੜਿਆਂ ਵਲੋਂ ਹੋਈ। ਫਾਈਰਿੰਗ ਵਿਚ ਥਾਣੇਦਾਰ ਅਵਤਾਰ ਸਿੰਘ ਤੋਂ ਇਲਾਵਾ ਅਮਿਤ ਢੱਲ ਉਰਫ ਗੰਜੀ, ਅਨਿਲ ਢੱਲ ਤੇ ਸੋਨੂੰ ਜ਼ਖ਼ਮੀ ਹੋਏ, ਜਦਕਿ ਮਨੋਜ ਨੰਨਾ ਧੜੇ ਦੇ ਸ਼ੰਮੀ ਅਤੇ ਵਿੱਕੀ ਵੀ ਜ਼ਖ਼ਮੀ ਹੋਏ। ਪੁਲਸ ਨੇ ਇਸ ਮਾਮਲੇ ਵਿਚ ਦੋਵਾਂ ਧੜਿਆਂ ਦੇ ਮੈਂਬਰਾਂ ਖਿਲਾਫ ਕਰਾਸ ਕੇਸ ਦਰਜ ਕੀਤਾ ਅਤੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਥਾਣੇਦਾਰ ਅਵਤਾਰ ਸਿੰਘ ਦੇ ਬਿਆਨਾਂ ''ਤੇ ਕੇਸ ਦਰਜ ਹੋਇਆ। 

ਮਨੋਜ ਨੰਨਾ ਗੁੱਟ ਹੱਤਿਆ ਦੇ ਯਤਨਾਂ ਦੇ ਦੋਵਾਂ ਕੇਸਾਂ ਦੇ ਮਾਮਲੇ ''ਚ ਦੋਸ਼ੀ-
ਅਮਿਤ ਢੱਲ ਗੁੱਟ ਪੁਲਸ ਕਾਰਵਾਈ ਵਿਚ ਵਾਧਾ ਪਾਉਣ ''ਤੇ ਦੋਸ਼ੀ : ਐਡਵੋਕੇਟ ਮਨੀ ਸਚਦੇਵਾ ਕੇਸ ਲੜ ਰਹੇ ਐਡਵੋਕੇਟ ਮਨਦੀਪ ਸਚਦੇਵਾ ਅਤੇ ਰਾਜੇਸ਼ ਸ਼ਰਮਾ, ਆਰ. ਐੱਸ. ਮੰਡ ਨੇ ਦਸਿਆ ਕਿ ਦੋਵਾਂ ਗੁੱਟਾਂ ਵਿਚਾਲੇ ਹੋਏ ਝਗੜੇ ਵਿਚ ਕੇਸ ਦਰਜ ਹੋਏ ਸਨ। ਇਕ ਕੇਸ ਕਰਾਸ ਸੀ, ਜਦ ਕਿ ਦੂਜੇ ਕੇਸ ਵਿਚ ਥਾਣੇਦਾਰ ਅਵਤਾਰ ਸਿੰਘ ਦੇ ਬਿਆਨ ਕਲਮਬੱਧ ਸੀ। ਸਚਦੇਵਾ ਨੇ ਦਸਿਆ ਕਿ ਦੋਵਾਂ ਗੁੱਟਾਂ ਵਿਚ ਹੋਏ ਕਰਾਸ ਕੇਸ ਮਾਮਲੇ ਵਿਚ ਅਦਾਲਤ ਨੇ ਅਮਿਤ ਢੱਲ ਅਤੇ ਉਸ ਦੇ ਸਾਥੀਆਂ ਨੂੰ ਬਰੀ ਕਰ ਦਿਤਾ, ਜਦ ਕਿ ਮਨੋਜ ਨੰਨਾ ਤੇ ਉਸ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਜਦ ਕਿ ਥਾਣੇਦਾਰ ਅਵਤਾਰ ਸਿੰਘ ਨੂੰ ਗੋਲੀ ਲੱਗਣ ਦੇ ਮਾਮਲੇ ਵਿਚ ਵੀ ਮਨੋਜ ਨੰਨਾ ਤੇ ਉਸ ਦੇ ਸਾਥੀਆਂ ਨੂੰ ਹੱਤਿਆ ਦੇ ਯਤਨ ਅਤੇ ਹੋਰਨਾਂ ਧਾਰਾਵਾਂ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ ਜਦ ਕਿ ਥਾਣੇਦਾਰ ਅਵਤਾਰ ਸਿੰਘ ਦੇ ਗੋਲੀ ਲੱਗਣ ਦੇ ਮਾਮਲੇ ਵਿਚ ਅਮਿਤ ਢੱਲ ਧਿਰ ਨੂੰ ਸਿਰਫ ਧਾਰਾ 353, 186 ਅਤੇ ਹੋਰਨਾਂ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿਤਾ ਗਿਆ। ਦੋਵਾਂ ਕੇਸਾਂ ਵਿਚ ਦੋਹਾਂ ਧਿਰਾਂ ਨੂੰ ਦੋਸ਼ੀ ਕਰਾਰ ਦਿਤਾ ਹੈ ਪਰ ਕਿੰਨੀ ਸਜ਼ਾ ਹੁੰਦੀ ਹੈ, ਇਸ ਦਾ ਫੈਸਲਾ ਅਦਾਲਤ ਸੋਮਵਾਰ ਨੂੰ ਸੁਣਾਏੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu