NRI ਤੋਂ ਸੋਨਾ ਹੜਪਣ ਵਾਲਾ ਥਾਣਾ ਮੁਖੀ ਤੇ ਹੌਲਦਾਰ ਨੌਕਰੀਓਂ ਬਰਖਾਸਤ

10/01/2019 10:09:49 PM

ਬਠਿੰਡਾ, (ਵਰਮਾ)-ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਵੱਲੋਂ ਦੁਬਈ ਤੋਂ 2.4 ਕਿਲੋਗ੍ਰਾਮ ਸੋਨਾ ਵਪਾਰਕ ਤੌਰ ’ਤੇ ਲਿਆਂਦਾ ਗਿਆ ਸੀ, ਜਿਸ ਨੂੰ ਥਾਣਾ ਮੌੜ ਦੇ ਸਾਬਕਾ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਵੱਲੋਂ ਆਪਣੇ ਹੀ ਗੰਨਮੈਨ ਹੌਲਦਾਰ ਅਵਤਾਰ ਸਿੰਘ ਤੇ ਇਕ ਹੋਰ ਨਿੱਜੀ ਵਿਅਕਤੀ ਅਨੂਪ ਗਰੋਵਰ ਨਾਲ ਮਿਲ ਕੇ ਲੁੱਟ ਲਿਆ ਸੀ। ਇਸ ਸਬੰਧੀ ਪੀਡ਼ਤ ਵੱਲੋਂ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਅਤੇ ਜਾਂਚ ’ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਤੇ ਸਾਬਕਾ ਥਾਣਾ ਪ੍ਰਮੁੱਖ ਮੌਡ਼ ਕੇ. ਸੀ. ਪਰਾਸ਼ਰ ਸਮੇਤ ਗੰਨਮੈਨ ਹੌਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।

ਸੋਮਵਾਰ ਨੂੰ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਾਬਕਾ ਥਾਣਾ ਪ੍ਰਮੁੱਖ ਕੇ. ਸੀ. ਪਰਾਸ਼ਰ ਸਮੇਤ ਹੌਲਦਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਉਸਦੀ ਰਿਪੋਰਟ ਪੰਜਾਬ ਪੁਲਸ ਮਹਾÎਨਿਦੇਸ਼ਕ ਨੂੰ ਭੇਜ ਦਿੱਤੀ ਗਈ ਹੈ। ਦੁਬਈ ਤੋਂ ਲਿਆਂਦਾ ਗਿਆ ਸੋਨਾ ਨਾਜਾਇਜ਼ ਵੀ ਹੋ ਸਕਦਾ ਹੈ ਕਿਉਂਕਿ ਇਹ ਪ੍ਰੈੱਸ ਤੇ ਖਿਡੌਣਿਆਂ ’ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ। ਇਸ ਮਾਮਲੇ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਹੈ। ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਕੋਲੋਂ ਪੂਰਾ ਸੋਨਾ ਬਰਾਮਦ ਕਰ ਲਿਆ ਗਿਆ ਹੈ, ਜਿਸ ਨੂੰ ਜਾਂਚ ਅਧੂਰੀ ਹੋਣ ਕਾਰਣ ਸੁਰੱਖਿਅਤ ਰੱਖ ਲਿਆ ਗਿਆ ਹੈ।

Arun chopra

This news is Content Editor Arun chopra