ਦੁਬਈ ਤੋਂ ਚੰਡੀਗੜ੍ਹ ਆਈ ਫਲਾਈਟ ’ਚੋਂ 91.39 ਲੱਖ ਦਾ ਸੋਨਾ ਬਰਾਮਦ

07/14/2022 1:40:20 PM

ਚੰਡੀਗੜ੍ਹ (ਲਲਨ) : ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਵਿਖੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੂਚਨਾ ਦੇ ਆਧਾਰ ’ਤੇ 91.39 ਲੱਖ ਦਾ ਸੋਨਾ ਫੜ੍ਹਿਆ ਹੈ। ਅਧਿਕਾਰੀਆਂ ਨੇ ਇੰਡੀਗੋ ਫਲਾਈਟ ਨੰਬਰ 6 ਈ 56, ਜੋ ਦੁਬਈ ਤੋਂ ਚੰਡੀਗੜ੍ਹ ਆ ਰਹੀ ਸੀ, ਦੀ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਨੂੰ ਕਾਲੇ ਰੰਗ ਦੇ ਵੈਲਕ੍ਰੋ ਸਟ੍ਰੈਪ ਦੀ ਮਦਦ ਨਾਲ ਮੁਸਾਫ਼ਰ ਦੀ ਸੀਟ ਦੇ ਹੇਠੋਂ ਕਾਲੇ ਰੰਗ ਦਾ ਪਲਾਸਟਿਕ ਬਾਹਰੀ ਕਵਰ 'ਚ ਚਿਪਕਿਆ ਹੋਇਆ ਬ੍ਰੈਕੇਟ ਮਿਲਿਆ।

ਇਸ ਤੋਂ ਬਾਅਦ ਅਧਿਕਾਰੀਆਂ ਨੇ ਬ੍ਰੈਕੇਟ ਦੇ ਕਾਲੇ ਰੰਗ ਦੇ ਪਲਾਸਟਿਕ ਬਾਹਰੀ ਖੋਲ੍ਹ ਨੂੰ ਤੋੜਿਆ ਅਤੇ ਬ੍ਰੈਕੇਟ ਦੇ ਰੂਪ ਵਿਚ ਸੋਨਾ ਲੁਕਾਉਣ ਲਈ ਵਰਤੀ ਸਫ਼ੈਦ ਅਤੇ ਕਾਲੇ ਰੰਗ ਦੀ ਟੇਪ ਨੂੰ ਹਟਾਉਣ ਤੋਂ ਬਾਅਦ ਸੋਨਾ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਬਰਾਮਦ ਸੋਨਾ 99.49 ਫ਼ੀਸਦੀ ਸ਼ੁੱਧ ਹੈ, ਜਿਸ ਦਾ ਵਜ਼ਨ 1809 ਗ੍ਰਾਮ ਅਤੇ ਜਿਸ ਦਾ ਬਾਜ਼ਾਰੀ ਮੁੱਲ 91.39 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਇਸ ਨੂੰ ਫਿਲਹਾਲ ਕਸਟਮ ਐਕਟ 1962 ਤਹਿਤ ਜ਼ਬਤ ਕਰ ਲਿਆ ਗਿਆ ਹੈ। ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।


Babita

Content Editor

Related News