ਦਿਨ-ਦਿਹਾੜੇ ਘਰ ''ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
Monday, Apr 30, 2018 - 02:15 AM (IST)

ਭਿੰਡੀ ਸੈਦਾਂ, (ਗੁਰਜੰਟ)- ਨਜ਼ਦੀਕ ਪਿੰਡ ਕੜਿਆਲ ਵਿਖੇ ਚੋਰਾਂ ਨੇ ਦਿਨ-ਦਿਹਾੜੇ ਇਕ ਘਰ 'ਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁੱਚਾ ਮਸੀਹ ਨੇ ਦੱਸਿਆ ਕਿ ਅੱਜ ਉਹ ਸਵੇਰੇ 8 ਵਜੇ ਦੇ ਕਰੀਬ ਪੂਰੇ ਪਰਿਵਾਰ ਸਮੇਤ ਪਿੰਡ ਦੇ ਬਾਹਰ ਬਣੇ ਗਿਰਜਾਘਰ 'ਚ ਦੁਆ-ਬੰਦਗੀ ਕਰਨ ਗਏ ਸਨ, ਜਿਥੇ ਉਨ੍ਹ੍ਹਾਂ ਦਾ ਪੂਰਾ ਮੁਹੱਲਾ ਹਰ ਐਤਵਾਰ ਨੂੰ ਜਾਂਦਾ ਹੈ। ਅਚਾਨਕ 10 ਵਜੇ ਦੇ ਕਰੀਬ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਕੋਠੀ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਣ ਕਾਰਨ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅੰਦਰ ਜਾ ਕੇ ਦੇਖਣ 'ਤੇ 2 ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ, ਜਿਨ੍ਹਾਂ 'ਚੋਂ 60 ਹਜ਼ਾਰ ਦੇ ਕਰੀਬ ਨਕਦੀ, ਸੋਨੇ ਦੀ ਚੇਨ, ਟਾਪਸ, 2 ਜੋੜੀਆਂ ਕਾਂਟੇ, ਹਾਰ ਤੇ 3 ਮੁੰਦਰੀਆਂ ਆਦਿ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦਾ ਕਰੀਬ 2.50 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਉਨ੍ਹਾਂ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦੇ ਦਿੱਤੀ ਹੈ। ਥਾਣੇ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਤਫਤੀਸ਼ੀ ਅਧਿਕਾਰੀ ਵੱਲੋਂ ਮੌਕਾ ਦੇਖ ਕੇ ਜਾਂਚ ਕੀਤੀ ਜਾ ਰਹੀ ਹੈ।