ਘਰ ਜਾ ਰਹੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਜੀਪ ਨਾਲ ਟੱਕਰ, ਲੱਤਾਂ ਟੁੱਟੀਆਂ

02/15/2018 6:37:13 AM

ਜਲੰਧਰ, (ਰਾਜੇਸ਼)- ਸ਼ਿਵਰਾਤਰੀ ਮੌਕੇ ਡਿਊਟੀ ਖਤਮ ਕਰਕੇ ਘਰ ਜਾ ਰਹੇ ਸਬ-ਇੰਸਪੈਕਟਰ ਦੀ ਦੇਰ ਰਾਤ ਜੀਪ ਨਾਲ ਟੱਕਰ ਹੋਣ ਨਾਲ ਸਬ- ਇੰਸਪੈਕਟਰ ਦੀਆਂ ਲੱਤਾਂ ਟੁੱਟ ਗਈਆਂ, ਜਿਨ੍ਹਾਂ ਨੂੰ ਜੀਪ ਚਾਲਕ ਨੇ ਖੁਦ ਹੀ ਆਰਥੋਨੋਵਾ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਸਬੰਧੀ ਥਾਣਾ ਬਾਰਾਂਦਰੀ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਬਾਰਾਂਦਰੀ ਦੇ ਏ. ਐੱਸ. ਆਈ. ਦੇਵੀ ਚੰਦ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਬਾਰਾਂਦਰੀ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਡਿਊਟੀ ਸ਼ਿਵਰਾਤਰੀ ਦੇ ਚੱਲ ਰਹੇ ਪ੍ਰੋਗਰਾਮ ਵਿਚ ਲੱਗੀ ਸੀ। ਡਿਊਟੀ ਤੋਂ ਬਾਅਦ ਕਰੀਬ 12.30 ਵਜੇ ਉਹ ਘਰ ਜਾ  ਰਹੇ ਸਨ ਕਿ ਬੀ. ਐੱਮ. ਸੀ. ਚੌਕ ਵਿਚ ਸਾਹਮਣਿਓਂ ਆ ਰਹੀ ਜੀਪ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜੀਪ ਚਾਲਕ ਨੇ ਉਨ੍ਹਾਂ ਨੂੰ ਖੁਦ ਹਸਪਤਾਲ ਦਾਖਲ ਕਰਵਾਇਆ ਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੂੰ ਜੀਪ ਚਾਲਕ ਜੋ ਕਿ ਬਿਧੀਪੁਰ ਦੇ ਕੋਲ ਰਹਿੰਦਾ ਹੈ, ਨੇ ਦੱਸਿਆ ਕਿ ਸਬ-ਇੰਸਪੈਕਟ ਸਾਹਮਣਿਓਂ ਆ ਰਹੀ ਜੀਪ ਨੂੰ ਵੇਖ ਰਹੇ ਸਨ ਤੇ ਸਿੱਧੇ ਜੀਪ ਨਾਲ ਟਕਰਾ ਗਏ। ਹਾਦਸੇ ਵਿਚ ਭੁਪਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਦੱਸੀਆਂ ਜਾ ਰਹੀਆਂ ਹਨ। ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।