ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ 'ਚ ਮਰੀਜਾਂ ਨਾਲ ਹੁੰਦੀ ਖੱਜਲ-ਖ਼ੁਆਰੀ ਤੋਂ ਰੱਬ ਹੀ ਬਚਾਏ

06/05/2020 1:41:53 PM

ਭਵਾਨੀਗੜ੍ਹ(ਕਾਂਸਲ) - ਸਰਕਾਰ ਅਤੇ ਸਿਹਤ ਵਿਭਾਗ ਦੀ ਬੇਧਿਆਨੀ ਕਾਰਨ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪ੍ਰਬੰਧਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਕੀਤੇ ਦੌਰੇ ਦੌਰਾਨ ਦੇਖਿਆ ਕਿ ਇਥੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਭ ਤੋਂ ਵੱਡੀ ਸਮੱਸਿਆ ਹਸਪਤਾਲ ਵਿਖੇ ਸਕੈਨ, ਐਕਸਰੇ ਲਈ ਬਣਾਈ ਗਈ ਨਵੀਂ ਇਮਾਰਤ ਹੈ। ਅਜਿਹਾ ਇਸ ਲਈ ਕਿਉ੍ਂਕਿ ਨਵੀਂ ਇਮਾਰਤ ਅਮਰਜੈਂਸੀ ਅਤੇ ਵਾਰਡਾਂ ਤੋਂ ਬਹੁਤ ਜਿਆਦਾ ਦੂਰੀ 'ਤੇ ਹੈ ਅਤੇ ਇਸ ਇਮਾਰਤ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬਹੁਤ ਹੀ ਖਸਤਾ ਹੈ। ਹਸਪਤਾਲ ਵਿਖੇ ਸਿਟੀ ਸਕੈਨ, ਅਰਲਟਰਾ ਸਾਊਂਡ ਅਤੇ ਐਕਸਰੇ ਆਦਿ ਲਈ ਬਣਾਈ ਗਈ ਨਵੀ ਇਮਾਰਤ ਅਤੇ ਕੋਵਿਡ-19 ਕੇਅਰ ਸੈਂਟਰ ਜਿਥੇ ਕਿ ਕੋਰੋਨਾ ਦੇ ਸੱਕੀ ਅਤੇ ਪਾਜੇਟਿਵ ਮਰੀਜਾਂ ਨੂੰ ਰੱਖਿਆ ਜਾਂਦਾ ਹੈ ਦੀ ਦੂਰੀ ਅਮਰਜੈਂਸੀ ਵਾਰਡ ਅਤੇ ਹੋਰ ਵਾਰਡਾਂ ਤੋਂ ਕਾਫੀ ਜਿਆਦਾ ਹੈ। ਇਥੇ ਅਮਰਜੈਂਸੀ ਵਿਚ ਆਉਣ ਵਾਲੇ ਹਰ ਮਰੀਜ, ਇਲਾਜ ਲਈ ਭਰਤੀ ਮਰੀਜਾਂ ਨੂੰ ਸਕੈਨ, ਐਕਸਰੇ ਅਤੇ ਹੋਰ ਟੈਸਟ ਕਰਵਾਉਣ ਲਈ ਇਸ ਇਮਾਰਤ ਵਿਚ ਲਿਜਾਣ ਲਈ ਬਹੁਤ ਹੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਹੋਵੇ ਕੋਵਿਡ-19 ਕੇਅਰ ਸੈਂਟਰ ਵਿਚੋਂ ਮਰੀਜਾਂ ਨੂੰ ਸਿਫਟ ਕਰਨ ਦੀ ਜਾਂ ਅਮਰਜੈਂਸੀ ਵਿਚ ਆਉਣ ਵਾਲੇ ਮਰੀਜਾਂ ਨੂੰ ਕੋਵਿਡ-19 ਕੇਅਰ ਸੈਂਟਰ ਵਿਚ ਭਰਤੀ ਕਰਨ ਦੀ ਤਾਂ ਹਸਪਤਾਲ ਵੱਲੋਂ ਇਥੇ ਕੋਈ ਵੀ ਵਧੀਆਂ ਪ੍ਰਬੰਧ ਨਹੀਂ ਕੀਤਾ ਗਿਆ। 

ਉਹ ਮਰੀਜ ਜਿਨ੍ਹਾਂ ਵਿਚ ਜਿਆਦਾਤਰ ਦੀ ਹਾਲਤ ਪਹਿਲਾਂ ਹੀ ਕਾਫੀ ਨਾਜੁਕ ਹੁੰਦੀ ਹੈ ਨੂੰ ਕਿਸੇ ਐਂਬੂਲੈਂਸ ਜਾਂ ਹੋਰ ਕਾਰ ਗੱਡੀ ਰੂਪੀ ਅਾਰਾਮ ਦਾਇਕ ਸਾਧਨ ਵਿਚ ਪਾ ਕੇ ਲਿਜਾਣ ਦੀ ਥਾਂ ਹੱਥਾਂ ਨਾਲ ਰੋੜ੍ਹਣ ਵਾਲੀ ਵਹੀਲ ਚੇਅਰ ਅਤੇ ਸਟੈਚਰ ਟਰਾਲੀ ਵਿਚ ਪਾ ਕੇ ਮਰੀਜਾਂ ਦੇ ਪਰਿਵਾਰਾਂ ਨੂੰ ਭੇਜ ਦਿੱਤਾ ਜਾਂਦਾ ਹੈ। ਜਦੋਂ ਕਿ ਇਸ ਇਮਾਰਤ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਇੰਨੀ ਜਿਆਦਾ ਖਸਤਾ ਹੈ ਕਿ ਇਸ ਵਿਚ ਕਾਫੀ ਟੌਏ ਹਨ ਅਤੇ ਉਪਰੋਂ ਅੱਤ ਦੀ ਗਰਮੀ ਵਿਚ ਇਥੋਂ ਮਰੀਜ ਨੂੰ ਲਿਜਾਂਦੇ ਸਮੇਂ ਮਰੀਜ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੀ ਹਾਲਤ ਵੀ ਦੇਖਣ ਯੋਗ ਹੁੰਦੀ ਹੈ। ਹਾਦਸਿਆਂ ਦਾ ਸ਼ਿਕਾਰ ਖੂਨ ਨਾਲ ਲੱਥਪੱਥ ਵਿਅਕਤੀ ਜਿਨ੍ਹਾਂ ਦੇ ਆਕਸਿਜ਼ਨ ਲੱਗੀ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਧੂੜ ਮਿੱਟੀ ਤੋਂ ਇਨਫੈਕਸ਼ਨ ਹੋਣ ਦਾ ਵੀ ਖਤਰਾ ਹੁੰਦਾ ਹੈ ਅਜਿਹੇ ਮਰੀਜ਼ਾਂ ਨੂੰ ਵੀ ਇਸੇ ਤਰ੍ਹਾਂ ਸਟੈਚਰ ਟਰਾਲੀ ਜ਼ਰੀਏ ਹੀ ਇਥੇ ਸਕੈਨ ਕਰਵਾਉਣ ਲਈ ਲਿਜਾਇਆ ਜਾਂਦਾ ਹੈ।

ਜਿਥੇ ਇਸ ਤਰ੍ਹਾਂ ਮਾੜੇ ਹਲਾਤਾਂ ਨੂੰ ਦੇਖ ਕੇ ਹਰ ਕੋਈ ਇਹੀ ਕਹਿੰਦਾ ਹੈ ਕਿ ਸਰਕਰ ਤੋਂ ਤਾਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਹੁਣ ਹਸਪਤਾਲਾਂ ਵਿਚ ਵੀ ਮਰੀਜਾਂ ਨੂੰ ਰੱਬ ਹੀ ਬਚਾਵੇ! ਲੋਕਾਂ ਨੇ ਮੰਗ ਕੀਤੀ ਕਿ ਇਥੇ ਮਰੀਜਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਇਥੇ ਇਨ੍ਹਾਂ ਦੂਰ ਵਾਲੀਆਂ ਇਮਾਰਤਾਂ ਵਿਚ ਮਰੀਜਾਂ ਦੇ ਆਉਣ ਜਾਣ ਲਈ ਅਰਾਮਦਾਇਕ ਸਾਧਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।
 

Harinder Kaur

This news is Content Editor Harinder Kaur