ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ''ਤੇ ਰਹੇਗਾ ਫੋਕਸ : ਲੌਂਗੋਵਾਲ

11/15/2018 1:46:24 PM

ਲੌਂਗੋਵਾਲ(ਵਸ਼ਿਸ਼ਟ, ਵਿਜੇ)— ਲੌਂਗੋਵਾਲ ਦੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਬੁੱਧਵਾਰ ਸਵੇਰ ਤੋਂ ਹੀ ਖੁਸ਼ੀ ਦਾ ਆਲਮ ਛਾਇਆ ਹੋਇਆ ਸੀ ਕਿਉਂਕਿ ਇੱਥੇ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਵਾਗਤ ਕਰਨ ਲਈ ਇੰਤਜ਼ਾਰ ਕਰ ਰਹੀਆਂ ਸਨ। ਜਿਉਂ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਸਾਹਿਬ 'ਚ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਜੈਕਾਰੇ ਛੱਡ ਕੇ ਅਕਾਲ ਪੁਰਖ ਦਾ ਧੰਨਵਾਨ ਕਰਦਿਆਂ ਭਾਈ ਲੌਂਗੋਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਸੰਗਤ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਅਸਥਾਨ 'ਤੇ ਬਣਿਆ ਗੁਰਦੁਆਰਾ ਕੈਂਬੋਵਾਲ ਸਾਹਿਬ ਉਹ ਇਤਿਹਾਸਕ ਅਸਥਾਨ ਹੈ, ਜਿਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਲੰਬਾ ਸਮਾਂ ਸੇਵਾ ਕੀਤੀ ਅਤੇ ਹੁਣ ਭਾਈ ਗੋਬਿੰਦ ਸਿੰਘ ਲੌਂਗੋਵਾਲ ਖੁਦ ਇਸ ਅਸਥਾਨ ਦੇ ਮੁੱਖ ਸੇਵਾਦਾਰ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸਤਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਦੂਸਰੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਲਈ ਉਹ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਦਾ ਪੂਰਾ ਫੋਕਸ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੇ ਅਯੋਜਨਾਂ 'ਤੇ  ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਉਦੈ ਸਿੰਘ ਲੌਂਗੋਵਾਲ, ਭਾਈ ਬਲਵਿੰਦਰ ਸਿੰਘ ਕੈਂਬੋਵਾਲ, ਭਾਰਤੀ ਜਨਤਾ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਮੰਗਲਾ, ਰਤਨ ਕੁਮਾਰ ਮੰਗੂ ਆਦਿ ਹਾਜ਼ਰ ਸਨ।

cherry

This news is Content Editor cherry