ਪਾਕਿ ਗਈ ਕਿਰਨ ਬਾਲਾ ਸਬੰਧੀ ਜਾਂਚ ਕਮੇਟੀ ਦੀ ਰਿਪੋਰਟ ਆਉਣ ''ਤੇ ਕਰਾਂਗੇ ਜਲਦੀ ਕਾਰਵਾਈ : ਲੌਂਗੋਵਾਲ

04/24/2018 6:17:42 AM

ਸ੍ਰੀ ਅਨੰਦਪੁਰ ਸਾਹਿਬ(ਦਲਜੀਤ)-ਵਿਸਾਖੀ ਮੌਕੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ 'ਚ ਪਾਕਿਸਤਾਨ ਗਈ ਗੜ੍ਹਸ਼ੰਕਰ ਵਾਸੀ ਔਰਤ ਕਿਰਨ ਬਾਲਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਜਾਂਚ ਰਿਪੋਰਟ ਆਉਣ ਉਪਰੰਤ ਜਲਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਜਾਏ  ਗਏ ਨਗਰ ਕੀਰਤਨ ਨੂੰ ਅਗਲੇ ਪੜਾਅ ਲਈ ਰਵਾਨਾ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਆਏ ਭਾਈ ਲੌਂਗੋਵਾਲ ਨੇ ਅੱਗੇ ਕਿਹਾ ਕਿ ਇਕ ਸਿੱਖ ਪਰਿਵਾਰ ਨਾਲ ਸਬੰਧਤ ਬੀਬੀ ਵੱਲੋਂ ਸਿੱਖ ਜਥੇ ਨਾਲ ਜਾ ਕੇ ਪਾਕਿਸਤਾਨ ਵਿਖੇ ਇਕ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਵਾ ਲੈਣਾ ਇਕ ਬਹੁਤ ਹੀ ਦੁਖਦਾਈ ਗੱਲ ਹੈ। ਉਸ ਬੀਬੀ ਦੀ ਸਿਫਾਰਸ਼ ਕਿਸ ਮੈਂਬਰ ਜਾਂ ਕਿਸ ਸ਼੍ਰੋਮਣੀ ਅਧਿਕਾਰੀ ਵੱਲੋਂ ਕੀਤੀ ਗਈ ਹੈ , ਸਬੰਧੀ ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਜਿੱਥੇ ਦੇਸ਼ ਦੀ ਖੁਫੀਆ ਏਜੰਸੀ ਦੀ ਨਾਕਾਮੀ ਨੂੰ ਜ਼ਿੰਮੇਵਾਰ ਦੱਸਿਆ ਉੱਥੇ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਔਰਤ ਨੂੰ ਜਲਦੀ ਤੋਂ ਜਲਦੀ ਵਾਪਿਸ ਭਾਰਤ ਲਿਆਂਦਾ ਜਾਵੇ।