ਲੌਂਗੋਵਾਲ ਸਪੱਸ਼ਟ ਕਰਨ, ਉਹ ਡੇਰਾ ਸਿਰਸਾ ਸਮਰਥਕ ਹਨ ਜਾਂ ਸਿੱਖ : ਮਾਂਝੀ

03/14/2019 4:58:33 PM

ਜਲੰਧਰ (ਚਾਵਲਾ)-ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਦਰਬਾਰ-ਏ-ਖਾਲਸਾ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਪੱਸ਼ਟ ਕਰਨ ਕਿ ਅਸਲ 'ਚ ਉਹ ਡੇਰਾ ਸਿਰਸਾ ਸਮਰਥਕ ਹਨ ਜਾਂ ਸਿੱਖ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਦਰਬਾਰ-ਏ-ਖਾਲਸਾ ਜਥੇਬੰਦੀ ਦੇ ਮੁਖੀ ਹਰਜਿੰਦਰ ਸਿੰਘ ਮਾਂਝੀ ਨੇ ਦੱਸਿਆ ਕਿ 21 ਸਤੰਬਰ 2005 ਨੂੰ ਸੰਗਰੂਰ ਡੀ. ਸੀ. ਦਫ਼ਤਰ ਵਿਖੇ ਡੇਰਾ ਸਿਰਸਾ ਦੇ ਆਗੂ ਰਾਮ ਸਿੰਘ ਦੀ ਅਗਵਾਈ ਵਿਚ ਸਾਧ ਰਾਮ ਰਹੀਮ ਵਲੋਂ ਸਾਧਵੀਆਂ ਨਾਲ ਜਬਰ-ਜ਼ਨਾਹ ਕਰਨ 'ਤੇ ਪੱਤਰਕਾਰ ਰਾਮਚੰਦਰ ਛੱਤਰਪਤੀ, ਰਣਜੀਤ ਕੁਮਾਰ ਦੇ ਕਤਲ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਵਿਰੋਧ ਵਿਚ ਡੇਰਾ ਪ੍ਰੇਮੀਆਂ ਵਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।ਉਸ ਰੋਸ ਪ੍ਰਦਰਸ਼ਨ 'ਚ ਅੱਜ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਆਉਣ ਵਾਲੇ ਸਾਢੇ ਪੰਜ ਸੌ ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ 'ਤੇ ਸਿੱਖ ਕੌਮ ਦੀ ਅਗਵਾਈ ਕਰਨੀ ਹੈ ਤੇ ਦੁਨੀਆ ਭਰ ਵਿਚ ਗੁਰੂ ਨਾਨਕ ਸਾਹਿਬ ਦੇ ਸੁਨੇਹੇ ਨੂੰ ਪਹੁੰਚਾਉਣ ਦੀ ਗੱਲ ਕਰਨੀ ਹੈ।

ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਕਾਲੀ ਦਲ ਨੇ ਡੇਰਾ ਸਿਰਸਾ ਦੇ ਸਮਰਥਕ ਨੂੰ ਚੁਣਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਰਹੇ ਪ੍ਰਧਾਨਾਂ ਤੇ ਲੌਂਗੋਵਾਲ ਨੇ ਅਕਾਲੀ ਸਰਕਾਰ ਦੇ ਰਾਜ ਦੌਰਾਨ 10 ਸਾਲ ਸਿੱਖਾਂ 'ਤੇ ਹੋਏ ਕਿਸੇ ਵੀ ਜ਼ੁਲਮ ਦੇ ਖ਼ਿਲਾਫ਼ ਕਦੇ ਮੂੰਹ ਨਹੀਂ ਖੋਲ੍ਹਿਆ। ਉਲਟਾ ਸਿੱਖ ਨੌਜਵਾਨਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਵਿਖੇ ਕਿਤਾਬਾਂ ਤੇ ਖਾਸ ਕਰ ਸਿੱਖ ਸਾਹਿਤ ਰੱਖਣ ਦੋਸ਼ ਹੇਠ ਦੇਸ਼ਧਰੋਹ ਤੇ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਝੂਠੇ ਪਰਚੇ ਕਰ ਕੇ ਉਨ੍ਹਾਂ ਨੂੰ ਜੇਲਾਂ 'ਚ ਧੱਕਣ ਦੇ ਸਰਕਾਰ ਵਲੋਂ ਜ਼ੁਲਮ ਕੀਤੇ ਗਏ।ਉਨ੍ਹਾਂ ਕਿਹਾ ਕਿ ਪੀੜਤ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਨੇ ਕੋਈ ਮਾਲੀ ਜਾਂ ਕਾਨੂੰਨੀ ਮਦਦ ਨਹੀਂ ਕੀਤੀ। ਇਥੋਂ ਤੱਕ ਕਿ ਉਨ੍ਹਾਂ ਦੇ ਹੱਕ 'ਚ ਹਾਅ ਦਾ ਨਾਅਰਾ ਤੱਕ ਵੀ ਨਹੀਂ ਮਾਰਿਆ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਘਟਨਾ 'ਤੇ ਆਪਣਾ ਰੁਖ ਸਪੱਸ਼ਟ ਕਰਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਤੋਂ ਅਸਤੀਫੇ ਦੀ ਮੰਗ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਜੇ ਲੌਂਗੋਵਾਲ ਅਸਤੀਫਾ ਨਹੀਂ ਦਿੰਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾ ਕੇ ਇਸ ਘਟਨਾ ਸਬੰਧੀ ਉਨ੍ਹਾਂ ਤੋਂ ਸਪੱਸ਼ਟੀਕਰਨ ਲਿਆ ਜਾਵੇ ਤੇ ਸਿੱਖ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਹਰਪ੍ਰੀਤ ਸਿੰਘ ਸੋਢੀ, ਸ਼ਮਸ਼ੇਰ ਸਿੰਘ ਢੱਡਰੀਆਂ, ਸਰਬਜੀਤ ਸਿੰਘ, ਸੁਖਚੈਨ ਸਿੰਘ ਭਦੌੜ , ਜਗਪ੍ਰੀਤ ਸਿੰਘ, ਹਰਪਿੰਦਰ ਸਿੰਘ ਕੋਟਕਪੂਰਾ, ਹਜ਼ਾਰਾ ਸਿੰਘ, ਜੋਗਿੰਦਰਪਾਲ ਸਿੰਘ ਜਲੰਧਰ, ਪ੍ਰਦੀਪ ਸਿੰਘ ਪੱਟੀ, ਮਨਬੀਰ ਸਿੰਘ ਹਰੀਕੇ, ਸੁਖਜੀਤ ਸਿੰਘ ਉਂਕਾਰ ਸਿੰਘ ਆਦਿ ਹਾਜ਼ਰ ਸਨ।

shivani attri

This news is Content Editor shivani attri