ਘਰ ਤੋਂ ਸਕੂਲ ਗਈਆਂ ਨਾਬਾਲਗ ਕੁੜੀਆਂ ਨਹੀਂ ਪਹੁੰਚੀਆਂ ਸਕੂਲ, ਮਾਮਲਾ ਦਰਜ

12/07/2023 3:51:23 PM

ਸਾਹਨੇਵਾਲ/ਕੁਹਾੜਾ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੇ ਗਿਆਸਪੁਰਾ ਦੇ ਇਲਾਕੇ 'ਚੋਂ ਬੀਤੀ 4 ਦਸੰਬਰ ਨੂੰ ਸਕੂਲ ਗਈਆਂ 2 ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਚੱਲਦੇ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਹੈ। ਦੋਵੇਂ ਨਬਾਲਗ ਕੁੜੀਆਂ ਗਿਆਸਪੁਰਾ ਦੇ ਮਹਾਂਲਛਮੀ ਨਗਰ ਦੀਆਂ ਰਹਿਣ ਵਾਲੀਆਂ ਮਸੇਰੀਆਂ ਭੈਣਾਂ ਦੱਸੀਆਂ ਜਾ ਰਹੀਆਂ ਹਨ।

ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਕੁੜੀਆਂ ਦੇ ਭਰਾ ਨੇ ਦੱਸਿਆ ਕਿ ਉਸਦੀ ਛੋਟੀ 17 ਸਾਲਾ ਭੈਣ ਅਤੇ ਮਾਸੀ ਦੀ 11 ਸਾਲਾ ਕੁੜੀ ਬੀਤੀ 4 ਦਸੰਬਰ ਨੂੰ ਸਵੇਰੇ ਢੰਡਾਰੀ ਕਲਾਂ ਸਥਿਤ ਸਕੂਲ ਗਈਆਂ ਸਨ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀਆਂ। ਉਨਾਂ ਬਾਰੇ ਆਸ-ਪਾਸ ਅਤੇ ਯੂ. ਪੀ. ਸਥਿਤ ਰਿਸ਼ਤੇਦਾਰੀਆਂ 'ਚ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਲਾਪਤਾ ਨਾਬਾਲਗ ਕੁੜੀਆਂ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀਆਂ 2 ਛੋਟੀਆਂ ਭੈਣਾਂ ਹਨ ਅਤੇ ਦੂਸਰੀ ਕੁੜੀ ਉਸਦੀ ਮਾਸੀ ਦੀ ਕੁੜੀ ਹੈ, ਜਦੋਂ ਕਿ ਮਾਸੜ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।

ਉਹ ਪ੍ਰਾਈਵੇਟ ਕੰਮ ਕਰਦਾ ਹੈ ਅਤੇ ਉਸਦੇ ਮਾਤਾ-ਪਿਤਾ ਵੀ ਇਕ ਫੈਕਟਰੀ 'ਚ ਕੰਮ ਕਰਦੇ ਹਨ। ਦੋਵੇਂ ਭੈਣਾਂ ਇਕ ਗਿਆਰਵੀਂ ਅਤੇ ਲਾਪਤਾ ਹੋਣ ਵਾਲੀ ਭੈਣ 9 ਕਲਾਸ 'ਚ ਪੜ੍ਹਦੀ ਹੈ। ਮਾਸੀ ਦੀ 11 ਸਾਲਾ ਕੁੜੀ ਚੌਥੀ ਕਲਾਸ 'ਚ ਪੜ੍ਹਦੀ ਹੈ। ਸਕੂਲ ਅਧਿਆਪਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ 4 ਦਸੰਬਰ ਨੂੰ ਵੀ ਦੋਵੇਂ ਕੁੜੀਆਂ ਸਕੂਲ ਨਹੀਂ ਪਹੁੰਚੀਆਂ, ਜਿਸ 'ਤੇ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੀਆਂ ਭੈਣਾਂ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਅਗਵਾ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ।
 

Babita

This news is Content Editor Babita