ਪੰਜਾਬ ਜਿਨ੍ਹਾਂ ਧੀਆਂ ਨੂੰ ਦੁਤਕਾਰ ਰਿਹਾ, ਵਿਦੇਸ਼ਾਂ ਵਿਚ ਚਮਕੇਗੀ ਉਨ੍ਹਾਂ ਦੀ ਕਿਸਮਤ (ਤਸਵੀਰਾਂ)

07/21/2017 3:29:08 PM

ਬਠਿੰਡਾ— ਕਹਿੰਦੇ ਹਨ ਕਿ ਹਰ ਵਿਅਕਤੀ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ ਹੈ। ਫਿਰ ਧੀਆਂ ਦੀ ਕਿਸਮਤ ਦਾ ਫੈਸਲਾ ਸੌੜੀ ਸੋਚ ਰੱਖਣ ਵਾਲੇ ਲੋਕ ਕਿਵੇਂ ਕਰ ਰਹੇ ਹਨ। ਪੰਜਾਬ ਵਿਚ ਜਿਨ੍ਹਾਂ ਧੀਆਂ ਨੂੰ ਦੁਤਕਾਰਿਆ ਜਾਂਦਾ ਹੈ। ਜਿਨ੍ਹਾਂ ਅਨਾਥ ਕੁੜੀਆਂ ਨੂੰ ਕੋਈ ਗੋਦ ਨਹੀਂ ਲੈਣਾ ਚਾਹੁੰਦਾ, ਉਨ੍ਹਾਂ ਨੂੰ ਵਿਦੇਸ਼ਾਂ ਵਿਚ ਨਾ ਸਿਰਫ ਢੋਈ ਮਿਲ ਰਹੀ ਹੈ, ਸਗੋਂ ਉਨ੍ਹਾਂ ਦੀ ਕਿਸਮਤ ਵੀ ਚਮਕ ਰਹੀ ਹੈ। ਇਕ ਪਾਸੇ ਪੰਜਾਬ ਵਿਚ ਜਿੱਥੇ ਮੁੰਡਿਆਂ ਨੂੰ ਗੋਦ ਲੈਣ ਦਾ ਰੁਝਾਨ ਹੈ, ਉੱਥੇ ਵਿਦੇਸ਼ਾਂ ਵਿਚ ਵਸਣ ਵਾਲੇ ਐੱਨ. ਆਰ. ਆਈ. ਧੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਕਿਸਮਤ ਸੰਵਾਰ ਰਹੇ ਹਨ। 
ਸੈਂਟਰ ਆਫ ਅਡਾਪਸ਼ਨ ਰੈਗੂਲੇਟਰੀ ਅਥਾਰਟੀ (ਸੀ. ਏ. ਆਰ. ਏ.) ਵੱਲੋਂ ਚਲਾਏ ਜਾਂਦੇ 9 ਆਸ਼ਰਮਾਂ ਵਿਚ ਪੰਜਾਬੀਆਂ ਵੱਲੋਂ ਮੁੰਡਿਆਂ ਨੂੰ ਤਰਜ਼ੀਹ ਦਿੱਤੇ ਜਾਣ ਦਾ ਰੁਝਾਨ ਸਾਫ ਪਤਾ ਲੱਗਦਾ ਹੈ। ਸੀ. ਏ. ਆਰ. ਏ. ਫਰੀਦਕੋਟ, ਮੁਕਤਸਰ, ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ (2) ਅਤੇ ਜਲੰਧਰ (2) ਵਿਚ ਅਨਾਥ ਆਸ਼ਰਮ ਚਲਾ ਰਹੇ ਹਨ। 
ਬਠਿੰਡਾ ਦੇ ਅਨਾਥ ਆਸ਼ਰਮ 'ਚੋਂ ਅਨੀਤਾ (ਕਾਲਪਨਿਕ ਨਾਂ) ਨਾਮੀ ਇਕ ਕੁੜੀ ਨੂੰ ਇਟਲੀ ਦੇ ਇਕ ਜੋੜੇ ਨੇ ਗੋਦ ਲਿਆ ਹੈ। ਅਨੀਤਾ ਬਠਿੰਡਾ ਪੁਲਸ ਸਟੇਸ਼ਨ ਨੇੜੇ ਭੀਖ ਮੰਗਦੀ ਹੋਈ ਮਿਲੀ ਸੀ ਅਤੇ ਉੱਥੋਂ ਉਸ ਨੂੰ ਅਨਾਥ ਆਸ਼ਰਮ ਭੇਜਿਆ ਗਿਆ ਸੀ। ਇਸੇ ਤਰ੍ਹਾਂ ਇਕ ਹੋਰ ਕੁੜੀ ਨੂੰ ਕੇਰਲਾ ਦੇ ਐੱਨ. ਆਰ. ਆਈ. ਜੋੜੇ ਨੇ ਗੋਦ ਲਿਆ ਅਤੇ ਹੁਣ ਉਹ ਕੈਲੀਫੋਰਨੀਆ ਵਿਚ ਆਪਣੀ ਬਿਹਤਰ ਜੀਵਨ ਬਤੀਤ ਕਰੇਗੀ। 
ਅਨਾਥ ਆਸ਼ਰਮ ਦੇ ਮੈਨੇਜਰ ਨੇ ਦੱਸਿਆ ਕਿ ਗੋਦ ਲਏ ਗਏ 42 ਬੱਚਿਆਂ 'ਚੋਂ 36 ਕੁੜੀਆਂ ਹਨ ਅਤੇ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਦੇ ਸੂਬਿਆਂ ਜਾਂ ਫਿਰ ਐੱਨ. ਆਰ. ਆਈ. ਪਰਿਵਾਰਾਂ ਨੇ ਗੋਦ ਲਿਆ ਹੈ। ਪੰਜਾਬ ਵਿਚ ਅਜੇ ਵੀ ਲੋਕ ਕੁੜੀ ਨੂੰ ਗੋਦ ਲੈਣ ਤੋਂ ਕਤਰਾਉਂਦੇ ਹਨ। ਕੇਰਲ ਅਤੇ ਪੱਛਮੀ ਬੰਗਾਲ ਵਰਗੇ ਸੂਬੇ ਇਸ ਸੌੜੀ ਸੋਚ ਦੇ ਬੰਧਨਾਂ ਤੋਂ ਬਾਹਰ ਨਿਕਲ ਚੁੱਕੇ ਹਨ। ਹਾਲ ਹੀ ਵਿਚ ਮੁਕਤਸਰ ਦੇ ਅਨਾਥ ਆਸ਼ਰਮ ਤੋਂ ਪੁਣੇ, ਮੁੰਬਈ ਅਤੇ ਕੇਰਲ ਦੇ ਜੋੜਿਆਂ ਨੇ ਤਿੰਨ ਬੱਚੀਆਂ ਨੂੰ ਗੋਦ ਲਿਆ। ਲੁਧਿਆਣਾ ਦੇ ਤਲਵੰਡੀ ਖੁਰਦ ਪਿੰਡ ਦੇ ਅਨਾਥ ਆਸ਼ਰਮ 'ਚੋਂ ਥੈਲੇਸੇਮੀਆ ਨਾਲ ਪੀੜਤ ਦੋ ਸਾਲਾ ਬੱਚੀ ਨੂੰ ਅਮਰੀਕਾ ਦੇ ਇਕ ਜੋੜੇ ਨੇ ਗੋਦ ਲੈ ਕੇ ਮਿਸਾਲ ਕਾਇਮ ਕੀਤੀ। ਸ਼ੁੱਕਰ ਹੈ ਕਿ ਐੱਨ. ਆਰ. ਆਈਜ਼ ਜੋੜਿਆਂ ਨੇ ਮੁੰਡੇ-ਕੁੜੀਆਂ ਵਿਚ ਭੇਦ ਕਰਨਾ ਬੰਦ ਕਰ ਦਿੱਤਾ ਹੈ ਪਰ ਦੇਖਣਾ ਇਹ ਹੈ ਕਿ ਪੰਜਾਬ ਵਿਚ ਰਹਿੰਦੇ ਲੋਕਾਂ ਦੀ ਆਪਣੀਆਂ ਧੀਆਂ ਨੂੰ ਲੈ ਕੇ ਸੋਚ ਕਦੋਂ ਬਦਲੇਗੀ ਅਤੇ ਕਦੋਂ ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਸਹਾਰਾ ਮਿਲੇਗਾ।