ਪ੍ਰੇਮਿਕਾ ਨੇ ਧੋਖੇ ਨਾਲ ਸਹੁਰੇ ਘਰ ਬੁਲਾ ਕੇ ਕੁਟਵਾਇਆ ਪ੍ਰੇਮੀ

08/18/2019 3:43:09 PM

ਗੁਰਦਾਸਪੁਰ (ਵਿਨੋਦ) : ਪੁਰਾਣੇ ਪ੍ਰੇਮ ਸੰਬੰਧਾਂ ਦੇ ਚੱਲਦੇ ਵਿਆਹੁਤਾ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਧੋਖੇ ਨਾਲ ਆਪਣੇ ਸਹੁਰੇ ਘਰ ਬੁਲਾ ਕੇ ਉਸ ਦੀ ਸਹੁਰੇ ਪੱਖ ਤੋਂ ਜਮ ਕੇ ਕੁੱਟਮਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਪ੍ਰੇਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਤਿੱਬੜ ਪੁਲਸ ਨੇ ਪ੍ਰੇਮੀ ਦੇ ਬਿਆਨਾਂ ਦੇ ਆਧਾਰ 'ਤੇ 7 ਲੋਕਾਂ ਵਿਰੁੱਧ ਧਾਰਾ 324,323,148,149 ਅਧੀਨ ਕੇਸ ਦਰਜ ਕੀਤਾ ਹੈ ਪਰ ਅਜੇ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਗੁਰਦਾਸਪੁਰ ਹਸਪਤਾਲ 'ਚ ਦਾਖਲ ਮਾਨੂੰ ਪੁੱਤਰ ਮੱਖਣ ਨਿਵਾਸੀ ਪਿੰਡ ਬੇਗੋਵਾਲ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਕਿ ਉਸ ਦਾ ਆਪਣੇ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਗੁੱਜਰ ਬਿਰਾਦਰੀ ਦੀ ਇਕ ਲੜਕੀ ਜਤੂਨ ਨਾਲ ਪ੍ਰੇਮ ਸੰਬੰਧ ਸਨ ਪਰ ਲੜਕੀ ਦਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੇ ਪਿੰਡ ਡੱਲਾ ਗੋਰੀਆ 'ਚ ਕਰ ਦਿੱਤਾ। ਵਿਆਹ ਦੇ ਬਾਅਦ ਵੀ ਜਤੂਨ ਉਸ ਨਾਲ ਮੋਬਾਇਲ 'ਤੇ ਗੱਲ ਕਰਦੀ ਰਹਿੰਦੀ ਸੀ ਅਤੇ ਵਾਰ-ਵਾਰ ਉਸ ਨੂੰ ਮਿਲਣ ਨੂੰ ਕਹਿੰਦੀ ਸੀ। ਬੀਤੇ ਦਿਨ ਵੀ ਜਤੂਨ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੇ ਸਹੁਰੇ ਨਹੀਂ ਰਹਿਣਾ ਚਾਹੁੰਦੀ ਹੈ ਅਤੇ ਉਸ ਨੂੰ ਆ ਕੇ ਲੈ ਜਾਵੇ। ਜਿਸ 'ਤੇ ਉਹ ਆਪਣੇ ਰਿਸ਼ਤੇਦਾਰ ਨਾਲ ਪਿੰਡ ਡੱਲਾ ਗੋਰੀਆ ਪਹੁੰਚਿਆ ਪਰ ਜਿਸ ਤਰ੍ਹਾਂ ਹੀ ਉਹ ਪਿੰਡ ਡੱਲਾ ਗੋਰੀਆ 'ਚ ਜਤੂਨ ਦੇ ਡੇਰੇ ਨੇੜੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਤਿਆਰ ਜਤੂਨ ਦੇ ਪਤੀ ਮੁਰਾਦ ਸਮੇਤ ਹੋਰ ਲੋਕਾਂ ਨੇ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮਾਨੂੰ ਨੇ ਦੋਸ਼ ਲਗਾਇਆ ਕਿ ਉਸ ਦੀ ਪ੍ਰੇਮਿਕਾ ਜਤੂਨ ਨੇ ਇਕ ਸਾਜਿਸ਼ ਕਰਕੇ ਉਸ ਨੂੰ ਆਪਣੇ ਸਹੁਰੇ ਬੁਲਾਇਆ ਅਤੇ ਉਸ ਦੀ ਕੁੱਟਮਾਰ ਕਰਵਾਈ।

ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮਾਨੂੰ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਸਾਬੂ ਪਤਨੀ ਗੁਜਰਦੀਨ, ਗੁਜਰਦੀਨ ਪੁੱਤਰ ਲਾਲਦੀਨ, ਬਾਰੂ ਅਤੇ ਮੁਰਾਦ ਪੁੱਤਰ ਗੁਜਰਦੀਨ, ਅਲੀ ਪੁੱਤਰ ਢੇਲੂ, ਰੈਮੂ ਪੁੱਤਰ ਰਾਜੂ ਸਾਰੇ ਨਿਵਾਸੀ ਪਿੰਡ ਡੱਲਾ ਗੋਰੀਆ ਅਤੇ ਲਿਆਕਤ ਅਲੀ ਪੁੱਤਰ ਸਾਂਲੂ ਨਿਵਾਸੀ ਨੌਸਹਿਰਾ ਮੱਝਾ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh