LPU ''ਚ ਕਰਨਾ ਚਾਹੁੰਦੀ ਸੀ ਪੜ੍ਹਾਈ, ਪਰ ਪਰਿਵਾਰ ਦੀ ਗਰੀਬੀ ਨੇ ਧੀ ਨੂੰ ਕਰ ''''ਤਾ ਸਦਾ ਲਈ ਅੱਖੋਂ ਓਹਲੇ

08/06/2017 1:12:39 PM

ਫਗਵਾੜਾ(ਜਲੋਟਾ)— ਮਾਂ-ਬਾਪ ਲਈ ਬੱਚਿਆਂ ਦੀ ਖੁਸ਼ੀ ਸਭ ਤੋਂ ਵੱਧ ਮਾਈਨੇ ਰੱਖਦੀ ਹੈ। ਬੱਚਿਆਂ ਦੀ ਖੁਸ਼ੀ ਦੇ ਲਈ ਮਾਂ-ਬਾਪ ਹਰ ਪਰੇਸ਼ਾਨੀ ਨੂੰ ਝੇਲਦੇ ਹਨ ਅਤੇ ਸਖਤ ਮਿਹਨਤ ਕਰਕੇ ਉਨ੍ਹਾਂ ਨੂੰ ਪੜ੍ਹਾਉਂਦੇ ਹਨ ਪਰ ਕਈ ਵਾਰ ਜ਼ਿੰਦਗੀ 'ਚ ਕੁਝ ਅਜਿਹੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ, ਜਿਨ੍ਹਾਂ ਨੂੰ ਉਹ ਹੱਲ ਨਹੀਂ ਕਰ ਸਕਦੇ ਅਤੇ ਮਾਮੂਲੀ ਗੱਲ ਨੂੰ ਲੈ ਕੇ ਬੱਚਿਆਂ ਦੇ ਨਾਲ ਝਗੜਾ ਹੋ ਜਾਂਦਾ ਹੈ। ਝਗੜੇ ਦੌਰਾਨ ਕਈ ਵਾਰ ਬੱਚੇ ਅਜਿਹਾ ਕਦਮ ਚੁੱਕ ਲੈਂਦੇ ਹਨ, ਜਿਸ ਦਾ ਪਛਤਾਵਾ ਸਾਰੀ ਉਮਰ ਦੇ ਲਈ ਰਹਿ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਫਗਵਾੜਾ ਦੇ ਪਿੰਡ ਚਹੇੜੂ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ 16 ਸਾਲ ਦੀ ਲੜਕੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਦਾਖਲਾ ਲੈਣਾ ਚਾਹੁੰਦੀ ਸੀ ਪਰ ਉਸ ਦੇ ਗਰੀਬ ਮਾਂ-ਬਾਪ ਨੇ ਪੈਸਿਆਂ ਨੂੰ ਲੈ ਕੇ ਥੋੜ੍ਹੀ ਅਸਮਰੱਥਾ ਜ਼ਾਹਰ ਕੀਤੀ ਤਾਂ ਪਰੇਸ਼ਾਨ ਧੀ ਨੇ ਮੌਤ ਨੂੰ ਹੀ ਗਲੇ ਲਗਾ ਲਿਆ।  
ਮਿਲੀ ਜਾਣਕਾਰੀ ਮੁਤਾਬਕ ਪਿੰਡ ਚਹੇੜੂ 'ਚ 10ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਵਾਲੀ ਮਨਪ੍ਰੀਤ ਕੌਰ (16) ਪੁੱਤਰੀ ਲਖਵਿੰਦਰ ਪਾਲ ਸਿੰਘ ਲਵਲੀ ਪ੍ਰੋਫਸ਼ੈਨਲ ਯੂਨੀਵਰਸਿਟੀ 'ਚ ਵਿਸ਼ੇਸ਼ ਕੋਰਸ ਕਰਕੇ ਪੜ੍ਹਾਈ ਕਰਨਾ ਚਾਹੁੰਦੀ ਸੀ। ਉਸ ਦੇ ਪਰਿਵਾਰ ਨੇ ਗਰੀਬੀ ਕਾਰਨ ਉਸ ਨੂੰ ਉਥੇ ਦਾਖਲਾ ਦੁਆਉਣ 'ਚ ਅਸਮੱਰਥਾ ਜਤਾਈ। ਇਸੇ ਗੱਲ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ। ਸ਼ਨੀਵਾਰ ਜਦੋਂ ਮਨਪ੍ਰੀਤ ਦੇ ਪਿਤਾ ਕੰਮ 'ਤੇ ਗਏ ਸਨ ਅਤੇ ਮਾਂ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਹੋਈ ਸੀ ਤਾਂ ਇਸੇ ਦੌਰਾਨ ਮੌਕਾ ਪਾ ਕੇ ਮਨਪ੍ਰੀਤ ਨੇ ਕਥਿਤ ਤੌਰ 'ਤੇ ਪੱਖੇ ਨਾਲ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਜਦ ਮਨਪ੍ਰੀਤ ਦੀ ਮਾਤਾ ਘਰ ਪਹੁੰਚੀ ਤਾਂ ਆਪਣੀ ਬੇਟੀ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖ ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾਸਥਾਨ 'ਤੇ ਪਹੁੰਚੀ ਚੌਕੀ ਚਹੇੜੂ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ। ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਚਹੇੜੂ ਪੁਲਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਮੌਕੇ ਤੋਂ ਮ੍ਰਿਤਕਾ ਮਨਪ੍ਰੀਤ ਵੱਲੋਂ ਲਿਖਿਆ ਗਿਆ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।