ਵਿਦੇਸ਼ੀ ਮੰਗੇਤਰ ਤੋਂ ਦੁਖੀ ਹੋ ਕੇ ਲੜਕੀ ਨੇ ਲਗਾਇਆ ਮੌਤ ਨੂੰ ਗਲੇ

05/19/2019 6:41:53 PM

ਰਾਜਾਸਾਂਸੀ (ਰਾਜਵਿੰਦਰ)— ਕਸਬਾ ਰਾਜਾਸਾਂਸੀ ਨਜ਼ਦੀਕ ਪਿੰਡ ਰਾਣੇਵਾਲੀ ਦੀ ਲੜਕੀ ਨੇ ਆਪਣੇ ਮੰਗੇਤਰ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਇਸ ਸਬੰਧੀ ਲੜਕੀ ਦੀ ਮਾਂ ਸਿਮਰਜੀਤ ਕੌਰ ਪੁਤਨੀ ਸੁਰਜਨ ਸਿੰਘ ਵਾਸੀ ਰਾਣੇਵਾਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੀ ਲੜਕੀ ਮਨਪ੍ਰੀਤ ਕੌਰ ਜੋਕਿ ਸਟੇਟ ਬੈਂਕ ਆਫ ਇੰਡੀਆ 'ਚ ਨੋਕਰੀ ਕਰਦੀ ਸੀ ਅਤੇ ਉਸ ਦੀ ਮੰਗਣੀ 14-1-19 ਨੂੰ ਹਰਮਨ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਡਿਆਲ ਭੱਟੀ ਨਾਲ ਹੋਈ ਸੀ। ਫਿਰ ਉਸ ਦਾ ਮੰਗੇਤਰ ਹਰਮਨ ਸਿੰਘ ਸਾਨੂੰ ਬਿਨਾਂ ਦੱਸੇ ਵਿਦੇਸ਼ ਚਲਾ ਗਿਆ ਪਰ ਇਸ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਇਸ ਗੱਲ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਵਾਰ-ਵਾਰ ਪੁੱਛਣ 'ਤੇ ਵੀ ਸਾਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਇਸ ਗੱਲ 'ਤੇ ਸ਼ੱਕ ਪੈਣ ਲੱਗਾ ਤਾਂ ਅਸੀਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀ ਤਰੀਕ ਬਾਰੇ ਗੱਲਬਾਤ ਕਰਨ ਲਈ ਕਿਹਾ। ਵਿਆਹ ਬਾਰੇ ਗੱਲਬਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਲੜਕਾ ਹੁਣ ਵਿਦੇਸ਼ ਚਲਾ ਗਿਆ ਹੈ ਅਤੇ ਸਾਡਾ ਤੁਹਾਡੇ ਨਾਲ ਹੁਣ ਕੋਈ ਰਿਸ਼ਤਾ ਮੇਲ ਨਹੀਂ ਖਾਂਦਾ। 
ਮਾਂ ਨੇ ਰੋਂਦੇ ਹੋਏ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਮੇਰੀ ਲੜਕੀ ਪਰੇਸ਼ਨ ਰਹਿਣ ਲੱਗ ਗਈ ਸੀ ਅਤੇ ਉਸ ਨੇ ਕਈ ਵਾਰ ਮੈਨੂੰ ਕਿਹਾ ਸੀ ਕਿ ਮੰਮੀ ਮੈ ਇਨ੍ਹਾਂ ਤੋਂ ਬਹੁਤ ਦੁਖੀ ਹਾਂ ਅਤੇ ਕੋਈ ਜ਼ਹਿਰੀਲੀ ਚੀਜ ਖਾ ਕੇ ਖੁਦਕੁਸ਼ੀ ਕਰ ਲੈਣੀ ਹੈ ਪਰ ਮੈਂ ਉਸ ਨੂੰ ਬਹੁਤ ਸਮਝਾਇਆ। ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬੀਤੇ ਦਿਨ ਦੁਪਹਿਰ 3 ਵਜੇ ਮੇਰੀ ਲੜਕੀ ਅੰਦਰੋ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਕਿ ਮੈਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਕਣਕ 'ਚ ਰੱਖਣ ਵਾਲੀਆਂ ਸਲਫਾਸ ਦੀਆ ਗੋਲੀਆਂ ਖਾ ਲਈਆਂ ਹਨ ਅਤੇ ਅਸੀਂ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਨਜ਼ਦੀਕ ਇਕ ਹਸਪਤਾਲ 'ਚ ਲੈ ਗਏ ਪਰ ਸਰੀਰ 'ਚ ਜਹਿਰ ਫੈਲ ਜਾਣ ਕਾਰਨ ਸਾਡੀ ਲੜਕੀ ਮਨਪ੍ਰੀਤ ਦੀ ਮੋਤ ਹੋ ਗਈ।
ਇਸ ਸਬੰਧੀ ਥਾਣਾ ਮੁਖੀ ਭਾਤਰ ਭੂਸ਼ਣ ਅਤੇ ਤਫਤੀਸ਼ੀ ਅਫਸਰ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ ਅਤੇ ਹਰਮਨ ਸਿੰਘ ਲੜਕੀ ਦਾ ਮੰਗੇਤਰ, ਮਨਮੋਹਨ ਸਿੰਘ ਲੜਕੇ ਦਾ ਪਿਤਾ, ਸੁਖਵਿੰਦਰ ਕੌਰ ਲੜਕੇ ਦੀ ਮਾਤਾ, ਦਮਨਪਰੀਤ ਸਿੰਘ ਲੜਕੇ ਦੇ ਭਰਾ ਖਿਲਾਫ ਮਕੁੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri