ਪੇਪਰ ਦੇਣ ਆਈ ਵਿਦਿਆਰਥਣ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਕਾਲਜ ''ਚ ਪੈ ਗਿਆ ਚੀਕ-ਚਿਹਾੜਾ

05/04/2023 11:05:06 AM

ਚੰਡੀਗੜ੍ਹ (ਸੁਸ਼ੀਲ ਰਾਜ) : ਇੱਥੇ ਸੈਕਟਰ-36 ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਦੀ ਦੂਜੀ ਮੰਜ਼ਿਲ ਤੋਂ ਬੀ. ਏ. ਦੂਜੇ ਸਾਲ ਦੀ ਵਿਦਿਆਰਥਣ ਨੇ ਬੁੱਧਵਾਰ ਦੁਪਹਿਰ ਛਾਲ ਮਾਰ ਦਿੱਤੀ। ਵਿਦਿਆਰਥਣ ਦੇ ਰੋਣ ਦੀ ਆਵਾਜ਼ ਸੁਣ ਕੇ ਕਾਲਜ ਸਟਾਫ਼ ਨੇ ਪੁਲਸ ਨੂੰ ਸੂਚਨਾ ਦਿੱਤੀ। ਕਾਲਜ ਸਟਾਫ਼ ਵਿਦਿਆਰਥਣ ਨੂੰ ਪੀ. ਜੀ. ਆਈ. ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਕਸਟਮ ਕਾਲੋਨੀ ਸੈਕਟਰ-37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ। ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦਿਆਰਥਣ ਦੂਜੀ ਮੰਜ਼ਿਲ ’ਤੇ ਬਾਥਰੂਮ ਗਈ, ਕੁਰਸੀ ਦੀ ਮਦਦ ਨਾਲ ਬਾਲਕੋਨੀ ’ਤੇ ਚੜ੍ਹ ਗਈ ਅਤੇ ਉੱਥੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਵਿਦਿਆਰਥਣ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਸੈਕਟਰ-36 ਥਾਣਾ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਦਿਆਰਥਣ ਨੇ ਕਾਲਜ ’ਚ ਆ ਕੇ ਖ਼ੁਦਕੁਸ਼ੀ ਕਿਉਂ ਕੀਤੀ। ਪੁਲਸ ਵਿਦਿਆਰਥਣ ਦਾ ਮੋਬਾਇਲ ਫੋਨ ਅਤੇ ਡਿਟੇਲ ਦੀ ਭਾਲ ਕਰ ਰਹੀ ਹੈ। ਸੈਕਟਰ-36 ਥਾਣਾ ਦੇ ਇੰਚਾਰਜ਼ ਘਟਨਾ ਸਥਾਨ ’ਤੇ ਜਾਂਚ ਕਰ ਕੇ ਪੀ. ਜੀ. ਆਈ. ਪਹੁੰਚੇ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਕੀਤੀ ਫਾਇਰਿੰਗ
ਦੂਜੀ ਸ਼ਿਫਟ ’ਚ ਸੀ ਪੰਜਾਬੀ ਦਾ ਪੇਪਰ
ਅਨੰਨਿਆ ਸੈਕਟਰ-36 ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਵਿਚ ਬੀ. ਏ. ਦੂਜੇ ਸਾਲ ਵਿਚ ਪੜ੍ਹਦੀ ਸੀ। ਬੁੱਧਵਾਰ ਦੁਪਹਿਰ ਉਸਦਾ ਪੰਜਾਬੀ ਦਾ ਪੇਪਰ ਦੂਜੀ ਸ਼ਿਫਟ ਵਿਚ ਸੀ। ਅਨੰਨਿਆ ਪੇਪਰ ਦੇਣ ਲਈ 12 ਵਜੇ ਕਾਲਜ ਪਹੁੰਚੀ। ਉਹ ਆਰਟਸ ਬਲਾਕ ਦੀ ਦੂਜੀ ਮੰਜ਼ਿਲ ’ਤੇ ਬਾਥਰੂਮ ਗਈ ਅਤੇ ਉੱਥੋਂ ਛਾਲ ਮਾਰ ਦਿੱਤੀ। ਵਿਦਿਆਰਥਣ ਹੇਠਾਂ ਖੜ੍ਹੇ ਵਿਦਿਆਰਥੀ ਦੇ ਪੈਰਾਂ ’ਚ ਡਿੱਗੀ ਅਤੇ ਖੂਨ ਵਗ ਗਿਆ। ਰੌਲਾ ਸੁਣ ਕੇ ਕਾਲਜ ਸਟਾਫ਼ ਇਕੱਠਾ ਹੋ ਗਿਆ ਅਤੇ ਵਿਦਿਆਰਥਣ ਨੂੰ ਪੀ. ਜੀ. ਆਈ. ਲੈ ਗਿਆ, ਜਿੱਥੇ ਡਾਕਟਰਾਂ ਨੇ ਅਨੰਨਿਆ ਨੂੰ ਮ੍ਰਿਤਕ ਐਲਾਨ ਦਿੱਤਾ। ਕਾਲਜ ਨੇ ਵਿਦਿਆਰਥਣ ਵਲੋਂ ਛਾਲ ਮਾਰਨ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ, ਪੁੱਜਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ (ਵੀਡੀਓ)

ਸੈਕਟਰ-36 ਥਾਣਾ ਇੰਚਾਰਜ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਪੀ. ਜੀ. ਆਈ. ਪਹੁੰਚੇ। ਮ੍ਰਿਤਕਾ ਦੇ ਪਿਤਾ ਮੁਕੇਸ਼ ਨੇ ਦੱਸਿਆ ਕਿ ਸਵੇਰੇ ਖਾਣਾ ਖਾਣ ਤੋਂ ਬਾਅਦ ਧੀ ਪੇਪਰ ਦੇਣ ਲਈ ਕਾਲਜ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਉਹ ਲੁਧਿਆਣਾ ਡਿਊਟੀ ’ਤੇ ਗਏ ਹੋਏ ਸਨ। ਦੁਪਹਿਰ ਬਾਅਦ ਜਦੋਂ ਉਸ ਨੂੰ ਧੀ ਦੀ ਮੌਤ ਸਬੰਧੀ ਪਤਾ ਲੱਗਾ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਉਸ ਨੇ ਦੱਸਿਆ ਕਿ ਧੀ ਨੇ ਖੁਦਕੁਸ਼ੀ ਕਿਉਂ ਕੀਤੀ, ਉਹ ਖ਼ੁਦ ਵੀ ਹੈਰਾਨ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita