ਅੰਮ੍ਰਿਤਸਰ ’ਚ ਘੁੰਮਣ ਆਈ ਸਿੱਕਮ ਦੀ ਕੁੜੀ ’ਤੇ ਸਨੈਚਰਾਂ ਨੇ ਬੋਲਿਆ ਧਾਵਾ, ਆਟੋ ’ਚੋਂ ਡਿੱਗਣ ਕਾਰਣ ਮੌਤ

02/05/2023 6:21:44 PM

ਚੋਗਾਵਾਂ/ਅੰਮ੍ਰਿਤਸਰ (ਹਰਜੀਤ/ਅਰੁਣ) : ਅੰਮ੍ਰਿਤਸਰ ਵਿਚ ਇਕ ਕੁੜੀ ਦੀ ਸਨੈਚਰਾਂ ਕਾਰਣ ਮੌਤ ਹੋ ਗਈ। ਘਟਨਾ ਤੋਂ ਬਾਅਦ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਣ ਦੂਜੇ ਹਸਪਤਾਲ ’ਚ ਰੈਫਰ ਕਰਨ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਪੁਲਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਢੋਡੀਵਿੰਡ ਨੇੜੇ ਅੰਮ੍ਰਿਤਸਰ-ਅਟਾਰੀ ਮੇਨ ਹਾਈਵੇ ਦਾ ਹੈ, ਜਿੱਥੇ ਲੁਟੇਰਿਆਂ ਨੇ ਆਟੋ ਰਿਕਸ਼ਾ ’ਤੇ ਜਾ ਰਹੀ ਕੁੜੀ ਕੋਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਣ ਉਹ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਰਾਜਪੁਰਾ ’ਚ ਟੂਰਿਸਟ ਬਸ ਨਾਲ ਵਾਪਰਿਆ ਵੱਡਾ ਹਾਦਸਾ, ਤੜਕੇ ਚਾਰ ਵਜੇ ਹਾਈਵੇ ’ਤੇ ਮਚਿਆ ਚੀਕ ਚਿਹਾੜਾ

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲੜਕੀ ਗੰਗਾ ਮਾਇਆ (29) ਪੁੱਤਰੀ ਧੰਨ ਬਹਾਦਰ ਵਾਸੀ ਗੰਗਟੋਕ ਸਿੱਕਮ ਤੋਂ ਸਾਥੀਆਂ ਸਮੇਤ ਘੁੰਮਣ ਲਈ ਅੰਮ੍ਰਿਤਸਰ ਆਈ ਸੀ, ਜੋ ਕਿ ਬਾਰਡਰ ’ਤੇ ਸੈਰਾਮਨੀ ਵੇਖਣ ਲਈ ਵਾਹਗਾ ਬਾਰਡਰ ਅਟਾਰੀ ਪੁੱਜੇ ਸਨ। ਸੈਰਾਮਨੀ ਪਰੇਡ ਵੇਖਣ ਤੋਂ ਬਾਅਦ ਆਟੋ ਰਿਕਸ਼ਾ ’ਤੇ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਪਿੰਡ ਢੋਡੀਵਿੰਡ ਨੇੜੇ ਮੇਨ ਹਾਈਵੇ ’ਤੇ ਲੁਟੇਰਿਆਂ ਨੇ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਲੜਕੀ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਰਣੀਕੇ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ ਦੀ ਸ਼ਰਮਸਾਰ ਕਰਨ ਵਾਲੀ ਘਟਨਾ, ਪੋਤੀ ਦੀ ਉਮਰ ਦੀ ਕੁੜੀ ਨਾਲ 60 ਸਾਲਾ ਬਜ਼ੁਰਗ ਨੇ ਟੱਪੀਆਂ ਹੱਦਾਂ

ਇਸ ਸਬੰਧੀ ਪੁਲਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਫਰਵਰੀ ’ਚ ਕੜਾਕੇ ਦੀ ਠੰਡ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh