ਜਲੰਧਰ: ਲੜਕੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਆਇਆ ਨਵਾਂ ਮੋੜ

09/22/2019 10:49:43 AM

ਜਲੰਧਰ (ਜ. ਬ.)— ਪਿਛਲੇ 9 ਮਹੀਨਿਆਂ ਤੋਂ 15 ਸਾਲ ਦੀ ਨੇਪਾਲੀ ਲੜਕੀ ਨੂੰ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ। ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦਾ ਦੋਸ਼ ਲਗਾਉਣ ਵਾਲੇ ਮਾਪਿਆਂ ਨੇ ਬੀਤੀ ਦੇਰ ਸ਼ਾਮ ਆਪਣੇ ਬਿਆਨ ਬਦਲ ਲਏ ਅਤੇ ਮਾਮਲੇ ਨੂੰ ਇਕ ਝਗੜਾ ਦੱਸ ਕੇ ਰਾਜ਼ੀਨਾਮਾ ਕਰ ਲਿਆ।ਜਾਣਕਾਰੀ ਅਨੁਸਾਰ ਥਾਣਾ 8 ਦੇ ਅਧੀਨ ਆਉਂਦੇ ਇਲਾਕੇ ਵਿਚੋਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ 15 ਸਾਲਾ ਨਾਬਾਲਗ ਲੜਕੀ ਨਾਲ ਉਸ ਦੇ ਮਕਾਨ ਮਾਲਕ ਦਾ ਬੇਟਾ ਪਿਛਲੇ 9 ਮਹੀਨਿਆਂ ਤੋਂ ਡਰਾ-ਧਮਕਾ ਕੇ ਜਬਰ-ਜ਼ਨਾਹ ਕਰ ਰਿਹਾ ਸੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਪਰ ਸ਼ਾਮ ਨੂੰ ਜੋ ਪਰਿਵਾਰ ਵਾਲੇ ਲੜਕੀ ਨਾਲ ਜਬਰ-ਜ਼ਨਾਹ ਹੋਣ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਨੇ ਬਿਆਨ ਬਦਲ ਲਏ। ਜਿਸ ਨੌਜਵਾਨ 'ਤੇ ਦੋਸ਼ ਲਗਾਇਆ ਜਾ ਰਿਹਾ ਸੀ, ਉਸ ਦਾ ਪਿਤਾ ਇਕ ਹੋਟਲ 'ਚ ਮੈਨੇਜਰ ਹੈ ਅਤੇ ਨੇਪਾਲੀ ਲੜਕੀ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ 'ਚ ਹੀ ਰਹਿੰਦੀ ਸੀ।

ਦੋਵਾਂ ਧਿਰਾਂ 'ਚ ਕੁਝ ਸਮਾਂ ਆਪਸੀ ਗੱਲਬਾਤ ਹੋਣ ਤੋਂ ਬਾਅਦ ਪੁਲਸ ਨੂੰ ਰਾਜ਼ੀਨਾਮਾ ਲਿਖ ਕੇ ਕਹਿ ਦਿੱਤਾ ਗਿਆ ਕਿ ਦੋਵਾਂ ਧਿਰਾਂ ਦਾ ਸ਼ੁੱਕਰਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਮਾਮਲਾ ਝਗੜੇ ਦਾ ਕਹਿ ਕੇ ਰਾਜ਼ੀਨਾਮਾ ਕਰ ਲਿਆ ਗਿਆ। ਓਧਰ ਥਾਣਾ ਨੰਬਰ 8 ਦੇ ਇੰਚਾਰਜ ਰੁਪਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਜਬਰ-ਜ਼ਨਾਹ ਦੇ ਦੋਸ਼ ਲਗਾਏ ਗਏ ਸਨ ਪਰ ਬਾਅਦ 'ਚ ਲੜਕੀ ਵਾਲਿਆਂ ਨੇ ਸਿਰਫ ਝਗੜਾ ਹੋਣ ਦੀ ਗੱਲ ਕਹਿ ਕੇ ਰਾਜ਼ੀਨਾਮਾ ਕਰ ਲਿਆ।

ਨਹੀਂ ਕਰਵਾਇਆ ਗਿਆ ਲੜਕੀ ਦਾ ਮੈਡੀਕਲ

ਇਸ ਮਾਮਲੇ 'ਚ ਪੁਲਸ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆਈ। ਭਾਵੇਂ ਦੋਵਾਂ ਧਿਰਾਂ ਨੇ ਝਗੜੇ ਦੀ ਗੱਲ ਕਹਿ ਕੇ ਰਾਜ਼ੀਨਾਮਾ ਕਰ ਲਿਆ ਸੀ ਪਰ ਪੁਲਸ ਨੇ ਆਪਣੇ ਪੱਧਰ 'ਤੇ ਲੜਕੀ ਦਾ ਮੈਡੀਕਲ ਕਰਵਾ ਕੇ ਇਹ ਪਤਾ ਨਹੀਂ ਲਗਵਾਇਆ ਕਿ ਲੜਕੀ ਨਾਲ ਜਬਰ-ਜ਼ਨਾਹ ਹੋਇਆ ਹੈ ਜਾਂ ਨਹੀਂ। ਥਾਣਾ ਨੰਬਰ 8 ਦੇ ਇੰਚਾਰਜ ਰੁਪਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੜਕੀ ਦਾ ਮੈਡੀਕਲ ਨਹੀਂ ਕਰਵਾਇਆ ਕਿਉਂਕਿ ਅਜਿਹੀ ਕੋਈ ਸ਼ਿਕਾਇਤ ਹੀ ਨਹੀਂ ਸੀ।

shivani attri

This news is Content Editor shivani attri