ਫਿਲੌਰ : ਖੇਤਾਂ 'ਚੋਂ ਮਿਲੀ ਨਾਬਾਲਗ ਲੜਕੀ ਦੀ ਸ਼ੱਕੀ ਹਾਲਾਤ 'ਚ ਲਾਸ਼ (ਵੀਡੀਓ)

03/11/2020 1:03:21 PM

ਫਿਲੌਰ,(ਸੋਨੂੰ) : ਸ਼ਹਿਰ ਦੇ ਪਿੰਡ ਬਿਲਗਾ 'ਚ ਇਕ ਨਾਬਾਲਿਗ ਲੜਕੀ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਹੈ।  ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 13 ਸਾਲਾ ਲੜਕੀ ਜੋ ਕਿ ਬੋਲ ਤੇ ਸੁਣ ਨਹੀਂ ਸਕਦੀ ਹੈ, ਸੋਮਵਾਰ ਸ਼ਾਮ ਨੂੰ 7-8 ਵਜੇ ਦੇ ਕਰੀਬ ਦੁਕਾਨ ਤੋਂ ਸਮਾਨ ਲੈਣ ਗਈ ਸੀ ਪਰ ਮੁੜ ਕੇ ਵਾਪਸ ਘਰ ਨਹੀਂ ਪਰਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਲੜਕੀ ਦਾ ਕਿਤੇ ਵੀ ਨਹੀਂ ਮਿਲੀ। ਅੱਜ ਸਵੇਰੇ ਪਿੰਡ ਦੇ ਬਾਹਰ ਖੇਤਾਂ 'ਚੋਂ ਉਸ ਦੀ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਬਲਾਤਕਾਰ ਕਰ ਉਸ ਦਾ ਕਤਲ ਕਰਕੇ ਲਾਸ਼ ਖੇਤਾਂ 'ਚ ਸੁੱਟੀ ਗਈ ਹੈ। ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।

ਮੌਕੇ 'ਤੇ ਪੁੱਜੇ ਫਿਲੌਰ ਦੇ ਡੀ. ਐਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਿਲਗਾ 'ਚ ਇਕ ਨਾਬਾਲਿਗ ਲੜਕੀ ਦੀ ਲਾਸ਼ ਖੇਤਾਂ 'ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਨਾਬਾਲਗ ਲੜਕੀ ਬੋਲਣ ਅਤੇ ਸੁਣਨ 'ਚ ਅਸਮਰੱਥ ਸੀ।