ਲੜਕੀ ਨਾਲ ਰੇਪ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਨੌਜਵਾਨ ਨੂੰ ਲਿਆ ਹਿਰਾਸਤ 'ਚ

05/26/2018 6:41:18 PM

ਜਲੰਧਰ (ਰਾਜੇਸ਼)— ਨੰਦਨਪੁਰ ਇਲਾਕੇ 'ਚ 13 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਪੁਲਸ ਨੇ ਮਕਸੂਦਾਂ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਿਆ ਗਿਆ ਨੌਜਵਾਨ ਕਾਰਪੇਂਟਰ ਦਾ ਕੰਮ ਕਰਦਾ ਹੈ। ਜਿਸ ਦੀ ਤਸਵੀਰ ਵੀ ਜਬਰ-ਜ਼ਨਾਹ ਪੀੜਤ ਲੜਕੀ ਨੂੰ ਦਿਖਾਈ ਗਈ, ਜਿਸ ਦੀ ਉਸ ਨੇ ਪਛਾਣ ਕੀਤੀ ਹੈ। 
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਿਰਾਸਤ 'ਚ ਲਿਆ ਗਿਆ ਨੌਜਵਾਨ ਜਬਰ-ਜ਼ਨਾਹ ਪੀੜਤ ਲੜਕੀ ਦੇ ਜਨਮ ਦਿਨ 'ਤੇ ਉਸ ਦੇ ਘਰ ਆਇਆ ਸੀ, ਜਿਸ ਦੀ ਤਸਵੀਰ ਪੁਲਸ ਕੋਲ ਹੈ। ਉਥੇ ਹੀ ਪੁਲਸ ਨੇ ਉਕਤ ਲੜਕੇ ਦੀ ਫੋਟੋ ਜਬਰ-ਜ਼ਨਾਹ ਪੀੜਤ ਲੜਕੀ ਨੂੰ ਦਿਖਾਈ। ਜਿਸ ਦੀ ਪੁਲਸ ਨੇ ਪੁਸ਼ਟੀ ਕੀਤੀ ਕਿ ਜਬਰ-ਜ਼ਨਾਹ ਕਰਕੇ ਲੁੱਟ ਦੀ ਵਾਰਦਾਤ ਕਰਨ ਵਾਲਾ ਨੌਜਵਾਨ ਇਹੋ ਹੀ ਹੈ ਪਰ ਪੁਲਸ ਦੀ ਪੁੱਛਗਿੱਛ 'ਚ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਕਦੇ ਵੀ ਪੀੜਤ ਲੜਕੀ ਨੂੰ ਦੇਖਿਆ ਹੀ ਨਹੀਂ। ਫੜੇ ਗਏ ਨੌਜਵਾਨ ਨੇ ਪੁੱਛਗਿੱਛ 'ਚ ਦੱਸਿਆ ਕਿ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਉਹ ਇਕ ਦੁਕਾਨ 'ਚ ਕਾਰਪੇਂਟਰ ਦਾ ਕੰਮ ਕਰ ਰਿਹਾ ਸੀ। ਜਿਸ ਤੋਂ ਬਾਅਦ ਪੁਲਸ ਉਕਤ ਦੁਕਾਨ ਵਿਚ ਗਈ ਅਤੇ ਦੁਕਾਨ ਮਾਲਕ ਤੋਂ ਪੁੱਛਿਆ ਕਿ ਕੀ ਉਕਤ ਨੌਜਵਾਨ ਵਾਰਦਾਤ ਵਾਲੇ ਸਮੇਂ 'ਤੇ ਦੁਕਾਨ 'ਚ ਸੀ। 
ਉਨ੍ਹਾਂ ਨੇ ਦੱਸਿਆ ਕਿ ਇਸ ਦੀ ਕੋਈ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ। ਪੁਲਸ ਹੁਣ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਜਿਸ 'ਚ ਬੀਤੇ ਦਿਨ ਬਜ਼ੁਰਗ ਔਰਤ 'ਤੇ ਹਮਲਾ ਕਰਕੇ ਲੁੱਟਣ ਵਾਲੇ ਅਤੇ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨਾਂ ਦਾ ਮੋਟਰਸਾਈਕਲ ਵੀ ਇਕ ਹੀ ਹੈ। ਹੁਣ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਦੋਵੇਂ ਵਾਰਦਾਤਾਂ 'ਚ ਇਕ ਹੀ ਮੋਟਰਸਾਈਕਲ ਦੀ ਵਰਤੋਂ ਹੋਈ ਹੈ।