ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਮਿਲੀ 10 ਸਾਲ ਦੀ ਕੈਦ

05/22/2018 4:13:02 PM

ਜਲੰਧਰ— ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਅਨੂਪ ਕੁਮਾਰ ਪੁੱਤਰ ਨਰੇਸ਼ ਵਾਸੀ ਸੂਫੀ ਮੁਹੱਲਾ ਰੇਲਵੇ ਰੋਡ ਨਕੋਦਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਧਰਾਵਾਂ ਹੇਠ 26-26 ਹਜ਼ਾਰ ਦੇ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ ਇਕ ਸਾਲ ਦੀ ਹੋਰ ਸਜ਼ਾ ਭੁਗਤਣੀ ਪੈ ਸਕਦੀ ਹੈ। 
ਜ਼ਿਕਰਯੋਗ ਹੈ ਕਿ ਦੋਸ਼ੀ ਖਿਲਾਫ 9 ਨਵੰਬਰ 2016 ਨੂੰ ਥਾਣਾ ਸਿਟੀ ਨਕੋਦਰ ਵਿਖੇ ਪੀੜਤਾ ਦੀ ਮਾਂ ਵੀਰਾ ਦੇਵੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਿੱਤੀ ਸੀ ਕਿ 8ਵੀਂ ਜਮਾਤ 'ਚ ਪੜ੍ਹਦੀ ਉਸ ਦੀ ਲੜਕੀ ਨੂੰ ਵਰਗਲਾ ਕੇ ਉਸ ਦਾ ਗੁਆਂਢੀ ਲੈ ਗਿਆ ਸੀ। ਇਸ ਤੋਂ ਬਾਅਦ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਗ੍ਰਿ੍ਰਫਤਾਰ ਕਰਦੇ ਹੋਏ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ। ਹੁਣ ਬੀਤੇ ਦਿਨ ਦੋਸ਼ੀ ਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਹੁਕਮ ਦਿੱਤਾ ਗਿਆ।