ਅਕਾਲੀ ਆਗੂ ਦੀ ਘਟੀਆ ਕਰਤੂਤ, ਸਾਥੀ ਨਾਲ ਮਿਲ ਕੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

11/26/2017 6:35:59 PM

ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਕੇ ਲਿਜਾਣ ਅਤੇ ਉਸ ਨਾਲ ਕਥਿਤ ਤੌਰ 'ਤੇ ਕੀਤੇ ਗਏ ਬਲਾਤਕਾਰ ਕਰਨ 'ਚ ਇਕ ਅਕਾਲੀ ਆਗੂ ਸਮੇਤ 2 ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤ ਨਾਬਾਲਗ ਲੜਕੀ (ਸੁਮਨ) ਕਾਲਪਨਿਕ ਨਾਮ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਆਪਣੇ ਪਿਤਾ ਦੇ ਨਾਲ ਸਥਾਨਕ ਅਦਾਲਤ 'ਚ ਖੁਦ ਪੇਸ਼ ਹੋ ਕੇ ਬਿਆਨ ਦਿੱਤਾ ਕਿ ਮੁਹੱਲਾ ਧੀਰਾਂ ਵਾਸੀ ਮਨੀ ਉੁਰਫ ਲਵ ਪੁੱਤਰ ਅਮਰਜੀਤ ਸਿੰਘ ਇਕ ਨੌਜਵਾਨ ਅਕਾਲੀ ਆਗੂ ਰਾਜੀਵ ਧੀਰ ਪ੍ਰਧਾਨ ਅਕਾਲੀ ਦਲ ਸ਼ਹਿਰੀ ਦੀ ਕਥਿਤ ਸ਼ਹਿ 'ਤੇ ਉਸ ਨਾਲ ਕਰੀਬ ਡੇਢ ਸਾਲ ਤੋਂ ਬਲਾਤਕਾਰ ਕਰਦਾ ਆ ਰਿਹਾ ਸੀ ਅਤੇ ਪਹਿਲਾਂ ਵੀ ਉਹ ਮੈਨੂੰ ਵਰਗਲਾ ਕੇ ਵਿਆਹ ਕਰਨ ਦਾ ਝਾਂਸਾ ਦੇ ਕੇ ਲੈ ਗਿਆ ਸੀ ਪਰ ਕੁਝ ਮੋਹਤਵਰ ਵਿਅਕਤੀਆਂ ਦੇ ਕਹਿਣ 'ਤੇ ਰਾਜੀਵ ਧੀਰ ਨੇ ਕਥਿਤ ਤੌਰ 'ਤੇ ਲੜਕੀ ਨੂੰ ਵਾਪਸ ਪਹੁੰਚਾ ਦਿੱਤਾ ਸੀ। ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ 18 ਨਵੰਬਰ ਨੂੰ ਦਿਨ ਦੇ ਸਮੇਂ ਉਕਤ ਦੋਵੇਂ ਮਨੀ ਅਤੇ ਰਾਜੀਵ ਧੀਰ ਉਸ ਦੇ ਮੁਹੱਲੇ 'ਚ ਆਏ ਸਨ ਅਤੇ ਲੜਕੀ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦੇ ਕੇ ਗਏ ਸਨ। ਰਾਤ ਦੇ ਸਮੇਂ ਉਸ ਦੀ ਲੜਕੀ ਨੂੰ ਮਨੀ ਨੇ ਰਾਜੀਵ ਧੀਰ ਦੀ ਕਥਿਤ ਸ਼ਹਿ 'ਤੇ ਵਰਗਲਾ ਕੇ ਲੈ ਗਿਆ। ਉਸ ਨੇ ਪੁਲਸ ਪਾਸੋਂ ਉਸ ਦੀ ਲੜਕੀ ਨੂੰ ਭਜਾਉਣ ਦੇ ਦੋਸ਼ 'ਚ ਉਕਤ ਦੋਵੇਂ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਹਿਲਾਂ ਮਾਮਲਾ ਆਈ. ਪੀ. ਸੀ. ਧਾਰਾ 363, 366 ਏ, 34 ਅਧੀਨ ਦਰਜ ਕੀਤਾ ਸੀ ਪਰ ਪੀੜਤ ਲੜਕੀ ਵੱਲੋਂ ਮੈਜਿਸਟਰੇਟ ਸਾਹਮਣੇ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਉਸ 'ਚ ਧਾਰਾ 376 ਵੀ ਜੋੜ ਦਿੱਤੀ ਹੈ। 
ਉਨ੍ਹਾਂ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਵੀ ਕਰਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਕਤ ਦੋਵੇਂ ਦੋਸ਼ੀ ਫਰਾਰ ਹਨ, ਜਿਨ੍ਹਾਂ ਨੂੰ ਲੱਭਣ ਵਾਸਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਜਦੋਂ ਅਕਾਲੀ ਨੇਤਾ ਰਾਜੀਵ ਧੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਇਹ ਮੁਕੱਦਮਾ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਕੇਸ ਦੇ ਸਬੰਧ 'ਚ ਨਾ ਤਾਂ ਮੇਰਾ ਇਸ ਲੜਕੇ ਦੇ ਨਾਲ ਅਤੇ ਨਾ ਹੀ ਉਸ ਲੜਕੀ ਦੇ ਨਾਲ ਕੋਈ ਸਬੰਧ ਹੈ। ਮੇਰੇ ਵਿਰੁੱਧ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।