ਇਕ ਮਾਂ 'ਤੇ ਉਸ ਸਮੇਂ ਟੁੱਟਿਆ ਦੁੱਖਾਂ ਦਾ ਪਹਾੜ, ਜਦ ਧੀ ਦੇ ਮੂੰਹੋਂ ਸੁਣੀ ਦਰਦਭਰੀ ਦਾਸਤਾਨ...

06/28/2017 6:58:15 PM

ਸੰਗਰੂਰ(ਬਾਵਾ)— ਥਾਣਾ ਸਿਟੀ ਪੁਲਸ ਨੇ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਅਤੇ ਮੁੜ ਰੇਪ ਕਰਨ ਦੇ ਦੋਸ਼ 'ਚ 4 ਲੜਕਿਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਗੈਂਗਰੇਪ ਦੀ ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਮਾਂ ਨੇ ਧੀ ਦੇ ਮੂੰਹੋਂ ਆਪਣੇ ਨਾਲ ਵਾਪਰੀ ਹੋਈ ਅਜਿਹੀ ਹੱਢਬੀਤੀ ਸੁਣੀ। ਥਾਣਾ ਸਿਟੀ ਸੰਗਰੂਰ 'ਚ ਗੈਂਗਰੇਪ ਪੀੜਤਾ ਦੀ ਵਿਧਵਾ ਮਾਂ ਦੇ ਬਿਆਨ 'ਤੇ ਦਰਜ ਮੁਕੱਦਮੇ ਮੁਤਾਬਕ ਪੀੜਤ ਲੜਕੀ (15) 9ਵੀਂ ਜਮਾਤ ਦੀ ਵਿਦਿਆਰਥਣ ਹੈ, ਜੋ ਸਕੂਲ 'ਚ ਛੁੱਟੀਆਂ ਹੋਣ ਕਾਰਨ ਘਰ 'ਚ ਆਪਣੇ ਛੋਟੇ ਭੈਣ-ਭਰਾ ਨਾਲ ਰਹਿ ਰਹੀ ਸੀ ਅਤੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਿਲੀ। ਪੀੜਤਾ ਦੀ ਮਾਂ ਦੇ ਬਿਆਨਾਂ ਮੁਤਾਬਕ 5 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਹ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। 
ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਰਵੀ ਨਾਮ ਦਾ ਲੜਕਾ ਉਸ ਨੂੰ ਘਰੋਂ ਬੁਲਾ ਕੇ ਇਹ ਕਹਿ ਕੇ ਲੈ ਗਿਆ ਕਿ ਉਹ ਸ੍ਰੀ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਹਨ। 2 ਲੜਕੇ ਸੰਗਰੂਰ ਦੇ ਉਸ ਦੀ ਨਾਬਾਲਗ ਲੜਕੀ ਨੂੰ ਸਵਿਫਟ ਕਾਰ ਰਾਹੀਂ ਮੁਹਾਲੀ ਦੇ 9 ਸੈਕਟਰ ਦੇ ਇਕ ਫਲੈਟ 'ਚ ਲੈ ਗਏ, ਜਿੱਥੇ ਇਕ ਹੋਰ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ। ਲੜਕੀ ਦੇ ਦੱਸਣ ਮੁਤਾਬਕ ਤਿੰਨਾਂ ਲੜਕਿਆਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਉਸ ਨਾਲ ਸਾਰੀ ਰਾਤ ਜ਼ਬਰਦਸਤੀ ਕਰਦੇ ਰਹੇ। ਦਰਜ ਰਿਪੋਰਟ ਅਨੁਸਾਰ ਦੋਵੇਂ ਲੜਕਿਆਂ ਨੇ ਅਗਲੇ ਦਿਨ ਉਸ ਨੂੰ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਨੇੜੇ ਬਣੇ ਚੌਕ 'ਚ ਲਾਹ ਦਿੱਤਾ। ਪੀੜਤਾ ਦੀ ਮਾਂ ਅਨੁਸਾਰ ਪੀੜਤਾ ਨੂੰ ਪਿਆਸ ਲੱਗੀ ਸੀ ਉਹ ਨਿੱਜੀ ਹਸਪਤਾਲ 'ਚ ਪਾਣੀ ਪੀਣ ਲਈ ਚਲੀ ਗਈ, ਜਿੱਥੇ ਉਹ ਕੁਰਸੀ 'ਤੇ ਬੈਠ ਕੇ ਆਰਾਮ ਕਰਨ ਲੱਗੀ ਤਾਂ ਹਸਪਤਾਲ ਦਾ ਇਕ ਮੁਲਾਜ਼ਮ ਉਸ ਨੂੰ ਆਰਾਮ ਕਰਨ ਲਈ ਹਸਪਤਾਲ ਦੇ ਇਕ ਕਮਰੇ 'ਚ ਲੈ ਗਿਆ, ਜਿੱਥੇ ਕੁਝ ਸਮੇਂ ਬਾਅਦ ਹਸਪਤਾਲ ਦੇ ਮੁਲਾਜ਼ਮ ਨੇ ਪਹਿਲਾਂ ਤੋਂ ਗੈਂਗਰੇਪ ਦੀ ਪੀੜਤ ਉਸ ਦੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਸਾਰੀ ਰਾਤ ਲੜਕੀ ਨੂੰ ਆਪਣੇ ਕੋਲ ਰੱਖਿਆ। 
ਸਵੇਰੇ ਲੜਕੀ ਬੱਸ ਫੜ ਕੇ ਆਪਣੇ ਘਰ ਆ ਰਹੀ ਸੀ ਕਿ ਰਸਤੇ 'ਚ ਬਣੇ ਇਕ ਚੌਕ 'ਚ ਉਹ ਮਾਂ ਨੂੰ ਮਿਲ ਗਈ। ਪੁਲਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਮੁਹਾਲੀ ਵਿਖੇ ਗੈਂਗਰੇਪ ਕਰਨ ਵਾਲੇ ਤਿੰਨ ਲੜਕੇ ਹਰਭਜਨ ਰਵੀ, ਪ੍ਰਵੀਨ ਕੁਮਾਰ ਅਤੇ ਗੀਤਾਂਸ਼ੂ ਵਾਸੀ ਸੰਗਰੂਰ ਅਤੇ ਨਿੱਜੀ ਹਸਪਤਾਲ ਦੇ ਮੁਲਾਜ਼ਮ ਗੁਰਵਿੰਦਰ ਰਵੀ ਵਾਸੀ ਲੱਖੋਵਾਲ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਇੰਚਾਰਜ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਹੋ ਚੁੱਕੇ ਹਨ ਅਤੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਲਿਆ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।