5ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਨਵਾਂ ਖੁਲਾਸਾ

10/19/2019 11:11:11 AM

ਜਲੰਧਰ (ਜ.ਬ.)— ਥਾਣਾ 8 ਦੇ ਇਲਾਕੇ 'ਚ ਪੰਜਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਇਕ ਨਵਾਂ ਖੁਲਾਸਾ ਹੋਇਆ ਹੈ। ਵਿਦਿਆਰਥਣ ਨੇ ਪੁਲਸ ਨੂੰ ਉਲਝਾਉਣ ਲਈ ਪਰਿਵਾਰ ਨੂੰ ਅਗਵਾ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਮਾਮਲਾ ਸ਼ੱਕੀ ਜਾਪਦਾ ਹੈ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਦਰਅਸਲ ਵਿਦਿਆਰਥਣ 8 ਸਤੰਬਰ ਤੋਂ ਪਹਿਲਾਂ ਘਰੋਂ ਲਾਪਤਾ ਹੋ ਗਈ ਸੀ। ਅਗਲੇ ਦਿਨ ਘਰ ਆਈ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਕੁਝ ਲੋਕ ਉਸ ਨੂੰ ਅਗਵਾ ਕਰਕੇ ਲੈ ਗਏ। ਉਕਤ ਨੌਜਵਾਨ ਮਾਰੂਤੀ 'ਚ ਸਵਾਰ ਸਨ, ਜੋ ਉਸ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਕੇ ਲੈ ਗਏ। ਹਾਲਾਂਕਿ ਉਸ ਸਮੇਂ ਉਸ ਨੇ ਜਬਰ-ਜ਼ਨਾਹ ਦੀ ਗੱਲ ਨਹੀਂ ਕੀਤੀ ਪਰ ਜਿਵੇਂ ਹੀ ਇਹ ਮਾਮਲਾ ਥਾਣਾ 8 ਦੀ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਵੱਲੋਂ ਕੀਤੀ ਜਾਂਚ 'ਚ ਅਗਵਾ ਕਰਨ ਵਾਲੀ ਗੱਲ ਝੂਠੀ ਸਾਬਤ ਹੋਈ।

ਪੁਲਸ ਨੇ ਵਿਦਿਆਰਥਣ ਤੋਂ ਇਕੱਲਿਆਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਰਈਆ ਦੇ ਰਹਿਣ ਵਾਲੇ ਗਗਨ ਨਾਂ ਦੇ ਨੌਜਵਾਨ ਨੇ ਉਸ ਨੂੰ ਮਿਲਣ ਲਈ ਬੁਲਾਇਆ ਸੀ ਪਰ ਥਾਣਾ 8 ਦੇ ਇਲਾਕੇ 'ਚ ਸਥਿਤ ਇਕ ਢਾਬੇ 'ਚ ਗਗਨ ਉਸ ਨੂੰ ਇਕ ਕਮਰੇ 'ਚ ਲੈ ਗਿਆ, ਜਿੱਥੇ ਉਕਤ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਉਕਤ ਬਿਆਨਾਂ 'ਤੇ ਗਗਨ ਖਿਲਾਫ ਕੇਸ ਦਰਜ ਕੀਤਾ ਸੀ। ਥਾਣਾ 8 ਦੇ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਸੱਚ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ। ਉਨ੍ਹਾਂ ਕਿਹਾ ਕਿ ਗਗਨ ਫਰਾਰ ਹੈ, ਜਿਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਥਾਣਾ 7 'ਚ ਵੀ ਆਈ ਸੀ ਅਜਿਹੀ ਹੀ ਕਹਾਣੀ
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੁਲਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਥਾਣਾ 7 ਦੀ ਪੁਲਸ ਨੂੰ ਬੈਂਕ ਐਨਕਲੇਵ ਵਾਸੀ ਲੜਕੀ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਕਤ ਲੜਕੀ ਖੁਦ ਤਰਨਤਾਰਨ ਨਿਵਾਸੀ ਨੌਜਵਾਨ ਨਾਲ ਉਸ ਦੇ ਘਰ ਗਈ ਅਤੇ ਬਾਅਦ 'ਚ ਆਪਣੇ ਪਿਤਾ ਦੇ ਮੋਬਾਇਲ 'ਤੇ ਮੈਸੇਜ ਕਰਕੇ ਖੁਦ ਦੇ ਕਿਡਨੈਪ ਹੋਣ ਦੀ ਗੱਲ ਕਹੀ। ਲੜਕੀ ਨੇ ਮੈਸੇਜ ਕੀਤਾ ਕਿ ਕੁਝ ਨੌਜਵਾਨ ਉਸ ਨੂੰ ਅਗਵਾ ਕਰਕੇ ਕਾਰ 'ਚ ਬਿਠਾ ਕੇ ਲੈ ਗਏ ਸਨ। ਲੜਕੀ ਦੇ ਪਿਤਾ ਨੇ ਥਾਣਾ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕਿਡਨੈਪਿੰਗ ਦਾ ਕੇਸ ਦਰਜ ਕਰ ਲਿਆ ਸੀ। ਸਾਰੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਖੁਦ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਕਿਡਨੈਪਿੰਗ ਦੀ ਝੂਠੀ ਕਹਾਣੀ ਰਚੀ ਸੀ। ਪੁਲਸ ਦੇ ਦਬਾਅ ਤੋਂ ਬਾਅਦ ਲੜਕੀ ਖੁਦ ਵਾਪਸ ਆ ਗਈ ਅਤੇ ਅਦਾਲਤ 'ਚ ਵੀ ਖੁਦ ਜਾਣ ਦੇ ਬਿਆਨ ਦਿੱਤੇ ਸਨ।

shivani attri

This news is Content Editor shivani attri