ਮੋਹਾਲੀ ''ਚ ''ਕੱਟੀ ਗੁੱਤ'' ਦਿਖਾਉਣ ਵਾਲੀ ਇਸ ਤਸਵੀਰ ਦਾ ਰਾਜ਼ ਖੁੱਲ੍ਹਿਆ, ਪੁਲਸ ਸਾਹਮਣੇ ਆਈ ਅਸਲ ਸੱਚਾਈ

08/18/2017 11:31:14 AM

ਮੋਹਾਲੀ : ਜਿੱਥੇ ਪੂਰੇ ਦੇਸ਼ 'ਚ ਔਰਤਾਂ ਦੀਆਂ ਗੁੱਤਾਂ ਕੱਟੇ ਜਾਣ ਦੇ ਮਾਮਲਿਆਂ ਨੇ ਸਭ ਨੂੰ ਪਰੇਸ਼ਾਨ ਕੀਤਾ ਹੋਇਆ ਹੈ, ਉੱਥੇ ਹੀ ਕਈ ਲੋਕਾਂ ਵਲੋਂ ਇਸ ਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਨਵਾਂ ਪਿੰਡ 'ਚ ਉਸ ਸਮੇਂ ਸਾਹਮਣੇ ਆਇਆ, ਜਦੋਂ ਕੱਟੀ ਗੁੱਤ ਵਾਲੀ ਲੜਕੀ ਨੇ ਪੁਲਸ ਦੀ ਥੋੜੀ ਜਿਹੀ ਸਖਤੀ ਤੋਂ ਬਾਅਦ ਸਾਰਾ ਸੱਚ ਬਿਆਨ ਕਰ ਦਿੱਤਾ ਕਿ ਉਸ ਨੇ ਆਪਣੀ ਗੁੱਤ ਖੁਦ ਹੀ ਕੱਟੀ ਹੈ। 
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਨਵਾਂ ਪਿੰਡ ਦੀ ਲੜਕੀ ਦੀ ਗੁੱਤ ਕੱਟ ਗਈ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲੜਕੀ ਸਮੇਤ ਉਸ ਦੇ ਘਰਦਿਆਂ ਨੂੰ ਥਾਣੇ ਬੁਲਾ ਲਿਆ। ਵੀਰਵਾਰ ਨੂੰ ਜਦੋਂ ਲੜਕੀ ਥਾਣੇ ਪੁੱਜੀ ਤਾਂ ਉਸ ਨੇ ਬੁਆਏਕੱਟ ਰੱਖਿਆ ਹੋਇਆ ਸੀ ਅਤੇ ਮੁੰਡਿਆਂ ਵਰਗੇ ਕੱਪੜੇ ਪਹਿਨੇ ਹੋਏ ਸਨ। ਉਸ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਉਸ ਨੂੰ ਆਪਣੀ ਗੁੱਤ ਕੱਟੇ ਜਾਣ ਦਾ ਕੋਈ ਦੁੱਖ ਹੈ। ਸ਼ੱਕ ਹੋਣ 'ਤੇ ਪੁਲਸ ਨੇ ਲੜਕੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਸਾਰਾ ਸੱਚ ਪੁਲਸ ਅੱਗੇ ਬਿਆਨ ਕਰ ਦਿੱਤਾ ਕਿ ਉਸ ਨੂੰ ਬੁਆਏਕੱਟ ਰੱਖਣ ਦਾ ਸ਼ੌਂਕ ਸੀ ਅਤੇ ਮੁੰਡਿਆਂ ਵਾਂਗ ਰਹਿਣਾ ਪਸੰਦ ਸੀ ਪਰ ਘਰ ਵਾਲੇ ਅਜਿਹਾ ਕਰਨ ਤੋਂ ਉਸ ਨੂੰ ਮਨ੍ਹਾਂ ਕਰਦੇ ਸਨ। ਜਿਵੇਂ ਹੀ ਉਸ ਨੇ ਟੀ. ਵੀ. 'ਚ ਗੁੱਤ ਕੱਟਣ ਵਾਲੀ ਖਬਰ ਸੁਣੀ ਤਾਂ ਖੁਦ ਹੀ ਆਪਣੀ ਗੁੱਤ ਕੱਟ ਲਈ। ਤੁਹਾਨੂੰ ਦੱਸ ਦੇਈਏ ਕਿ ਲੜਕੀ ਦੀ ਕੱਟੀ ਗੁੱਤ ਦੀਆਂ ਤਸਵੀਰਾਂ ਨੇ ਔਰਤਾਂ 'ਚ ਹੋਰ ਵੀ ਜ਼ਿਆਦਾ ਡਰ ਬਿਠਾ ਦਿੱਤਾ ਸੀ ਪਰ ਹੁਣ ਇਨ੍ਹਾਂ ਤਸਵੀਰਾਂ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਹੈ।