ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੜਕੀ ਪਰਿਵਾਰ ਵੱਲੋਂ ਚੱਕਾ ਜਾਮ

07/24/2017 2:18:50 AM

ਮੁਕੇਰੀਆਂ, (ਨਾਗਲਾ)- ਨੂੰਹ ਨੂੰ ਤੇਲ ਪਾ ਕੇ ਸਾੜ ਕੇ ਮਾਰ ਦੇਣ ਵਾਲੇ ਸਹੁਰਾ ਪਰਿਵਾਰ ਤੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਮ੍ਰਿਤਕ ਲੜਕੀ ਦੇ ਮਾਪਿਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸਿਖਰ ਦੁਪਹਿਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਰਾਜ ਮਾਰਗ 'ਤੇ ਚੱਕਾ ਜਾਮ ਕੀਤਾ ਗਿਆ। ਧਰਨੇ 'ਤੇ ਬੈਠੇ ਮ੍ਰਿਤਕ ਲੜਕੀ ਅਨੁਰਾਧਾ ਦੇ ਪਿਤਾ ਤਰਸੇਮ ਮਸੀਹ ਵਾਸੀ ਉਮਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਧੀ ਨੂੰ ਸਹੁਰਾ ਪਰਿਵਾਰ ਤੇ ਇਕ ਹੋਰ ਦੋਸ਼ੀ ਰਵਿੰਦਰ ਸਿੰਘ ਲਵਲੀ ਵਾਸੀ ਦੇਵੀਦਾਸ ਨੇ ਇਕ ਸਾਜ਼ਿਸ਼ ਦੇ ਅਧੀਨ 9 ਜੁਲਾਈ ਨੂੰ ਤੇਲ ਪਾ ਕੇ ਸਾੜ ਦਿੱਤਾ ਸੀ, ਜਿਸ ਦੀ ਜ਼ੇਰੇ ਇਲਾਜ ਅੰਮ੍ਰਿਤਸਰ ਵਿਖੇ ਬੀਤੇ ਕੱਲ ਮੌਤ ਹੋ ਗਈ। ਉਨ੍ਹਾਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਮੁੱਖ ਦੋਸ਼ੀ ਰਵਿੰਦਰ ਸਿੰਘ ਲਵਲੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਜਿਸ ਸਦਕਾ ਉਨ੍ਹਾਂ ਨੂੰ ਮਜਬੂਰ ਹੋ ਕੇ ਰਾਸ਼ਟਰੀ ਰਾਜ ਮਾਰਗ ਜਾਮ ਕਰਨਾ ਪਿਆ। ਇਸ ਮੌਕੇ ਧਰਨਾਕਾਰੀ ਪੰਜਾਬ ਪੁਲਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ।
ਮੌਕੇ 'ਤੇ ਪਹੁੰਚੇ ਥਾਣਾ ਮੁਖੀ ਕੁਲਵਿੰਦਰ ਸਿੰਘ ਵਿਰਕ ਨੇ ਜਾਮ ਖੁੱਲ੍ਹਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਜਿੱਥੇ ਦੋਸ਼ੀਆਂ ਨੂੰ 5 ਦਿਨਾਂ ਦੇ ਅੰਦਰ ਕਾਬੂ ਕਰ ਲਿਆ ਜਾਵੇਗਾ, ਉਥੇ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਡੀ ਪੁੱਤਰ ਯਾਕੂਬ ਮਸੀਹ, ਪ੍ਰਕਾਸ਼ ਕੌਰ ਪਤਨੀ ਯਾਕੂਬ ਮਸੀਹ ਤੇ ਯਾਕੂਬ ਮਸੀਹ ਤੋਂ ਇਲਾਵਾ ਰਵਿੰਦਰ ਸਿੰਘ ਲਵਲੀ ਦੇ ਵਿਰੁੱਧ 9 ਜੁਲਾਈ ਨੂੰ ਹੀ ਧਾਰਾ 307, 34 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਬਾਕੀਆਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਤਫ਼ਤੀਸ਼ ਅਧੀਨ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੁਰਮ 'ਚ ਵਾਧਾ ਕਰਦੇ ਹੋਏ ਪੁਲਸ ਵੱਲੋਂ ਧਾਰਾ 302 ਲਾਈ ਗਈ ਹੈ।