ਮਲੇਰੀਆ ਕਾਰਨ ਕੁੜੀ ਦੀ ਮੌਤ, ਪਰਿਵਾਰ ਨੇ ਡਾਕਟਰਾਂ ''ਤੇ ਲਾਏ ਗੰਭੀਰ ਦੋਸ਼

Monday, Sep 04, 2017 - 09:49 AM (IST)

ਪੰਚਕੂਲਾ (ਆਸ਼ੀਸ਼) : ਸੈਕਟਰ-6 ਸਥਿਤ ਸਿਵਲ ਹਸਪਤਾਲ 'ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 17 ਸਾਲਾ ਨਿਸ਼ਾ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਬੰਧਨ 'ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨਿਸ਼ਾ ਦੀ ਮਰੇਲੀਆ ਕਾਰਨ ਮੌਤ ਹੋਈ ਪਰ ਹਸਪਤਾਲ ਪ੍ਰਬੰਧਨ ਨੇ ਇਸ ਮਾਮਲੇ 'ਚ ਲਾਪਰਵਾਹੀ ਵਰਤੀ। ਮਰੀਜ ਦੇ ਪਰਿਵਾਰ ਵਾਲਿਆਂ ਨੇ ਡਿਊਟੀ 'ਤੇ ਤਾਇਨਾਤ ਨਰਸ ਅਤੇ ਡਾਕਟਰ 'ਤੇ ਇਲਾਜ 'ਚ ਢਿੱਲ ਵਰਤਣ ਦਾ ਦੋਸ਼ ਲਾਇਆ ਹੈ। ਨਿਸ਼ਾ ਦੇ ਪਿਤਾ ਮਹਿਪਾਲ ਨੇ ਦੱਸਿਆ ਕਿ 30 ਅਗਸਤ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਬੇਟੀ ਨੂੰ ਭਰਤੀ ਕਰਾਇਆ ਗਿਆ ਸੀ। ਇਲਾਜ ਦੌਰਾਨ ਨਿਸ਼ਾ ਨੂੰ ਕਈ ਵਾਰ ਪਲੈਟਲੈਟਸ ਚੜ੍ਹਾਏ ਗਏ। 2 ਸਤੰਬਰ ਦੀ ਰਾਤ ਨੂੰ ਨਿਸ਼ਾ ਨੂੰ ਸਾਹ ਲੈਣ 'ਚ ਮੁਸ਼ਕਲ ਹੋਣ ਲੱਗੀ। ਪਰਿਵਾਰ ਦੇ ਮੈਂਬਰਾਂ ਨੇ ਕਈ ਵਾਰ ਨਰਸ ਨੂੰ ਜਾਣਕਾਰੀ ਦਿੱਤੀ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਪਰਿਵਾਰ ਵਾਲਿਆਂ ਨੇ ਡਾਕਟਰਾਂ ਨੂੰ ਬੁਲਾਉਣ ਲਈ ਕਿਹਾ ਪਰ ਮੌਜੂਦ ਨਰਸ ਨੇ ਰਾਤ ਦੇ ਸਮੇਂ ਡਾਕਟਰ ਨੂੰ ਨਹੀਂ ਬੁਲਾਇਆ। ਐਤਵਾਰ ਸਵੇਰੇ ਨਿਸ਼ਾ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਹਸਪਤਾਲ ਲਿਜਾਂਦੇ ਸਮੇਂ ਨਿਸ਼ਾ ਦੀ ਮੌਤ ਹੋ ਗਈ। ਸੈਕਟਰ-32 ਦੇ ਡਾਕਟਰਾਂ ਨੇ ਮੌਤ ਦਾ ਕਾਰਨ ਮਲੇਰੀਆ ਦੱਸਿਆ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ 5 ਦਿਨਾਂ ਤੋਂ ਉਨ੍ਹਾਂ ਦੀ ਬੇਟੀ ਹਸਪਤਾਲ 'ਚ ਭਰਤੀ ਸੀ ਪਰ ਡਾਕਟਰਾਂ ਨੇ ਸਮੇਂ 'ਤੇ ਉਸ ਦੇ ਟੈਸਟ ਨਹੀਂ ਕੀਤੇ।


Related News