ਪਵਿੱਤਰ ਕਾਲੀ ਵੇਈਂ ''ਚ ਡੁੱਬਣ ਕਾਰਨ ਲੜਕੀ ਦੀ ਮੌਤ

08/28/2017 6:44:40 AM

ਸੁਲਤਾਨਪੁਰ ਲੋਧੀ  (ਧੀਰ) - ਪਵਿੱਤਰ ਕਾਲੀ ਵੇਈਂ 'ਚ ਅੱਜ ਸਵੇਰੇ ਇਕ ਲੜਕੀ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮੁੱਖ ਦਾਣਾ ਮੰਡੀ ਦੇ ਗੇਟ ਦੇ ਬਾਹਰ ਝੁੱਗੀ-ਝੌਂਪੜੀ 'ਚ ਕੂੜਾ ਕਰਕਟ ਚੁੱਕ ਕੇ ਆਪਣਾ ਜੀਵਨ ਬਤੀਤ ਕਰ ਰਹੇ ਮਰਾਸੀ ਜਾਤੀ ਦੇ ਲੋਕਾਂ ਦੀ ਇਕ ਲੜਕੀ ਜਮਨਾ ਪੁੱਤਰੀ ਬਬਲੀ ਜੋ ਆਪਣੀ ਹੀ ਮਾਸੀ ਦੀਆਂ ਲੜਕੀਆਂ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਦਾਣਾ ਮੰਡੀ ਦੀ ਬੈਕ ਸਾਈਡ 'ਤੇ ਵਗ ਰਹੀ ਕਾਲੀ ਵੇਈਂ 'ਚ ਇਸ਼ਨਾਨ ਕਰਨ ਗਈਆਂ ਸਨ ਤਾਂ ਅਚਾਨਕ ਜਮਨਾ ਦਾ ਪੈਰ ਫਿਸਲ ਗਿਆ ਤੇ ਉਹ ਪਾਣੀ 'ਚ ਡੁੱਬਣ ਲੱਗੀ, ਜਿਸ ਨੂੰ ਬਚਾਉਣ ਲਈ ਉਸਦੇ ਨਾਲ ਗਈਆਂ 2 ਭੈਣਾਂ ਮਾਸੀ ਦੀਆਂ ਲੜਕੀਆਂ ਵੀ ਡੁੱਬਣ ਲੱਗੀਆਂ ਤਾਂ ਉਨ੍ਹਾਂ ਦੀਆਂ ਚੀਕਾਂ ਨੂੰ ਸੁਣਕੇ ਨਜ਼ਦੀਕ ਹੀ ਖੇਡ ਰਿਹਾ ਉਸਦਾ ਭਰਾ ਸੰਜੇ ਪਹੁੰਚਿਆ, ਜਿਸਨੇ ਭੈਣਾਂ ਨੂੰ ਡੁੱਬਦੇ ਵੇਖ ਕੇ ਤੁਰੰਤ ਖੁਦ ਪਾਣੀ 'ਚ ਛਾਲ ਮਾਰ ਦਿੱਤੀ ਤੇ ਦੋ ਮਾਸੀ ਦੀਆਂ ਲੜਕੀਆਂ ਨੂੰ ਤਾਂ ਬਾਹਰ ਕੱਢਣ 'ਚ ਕਾਮਯਾਬ ਹੋ ਗਿਆ ਪਰ ਆਪਣੀ ਸਕੀ ਭੈਣ ਜਮਨਾ ਨੂੰ ਬਚਾਅ ਨਹੀਂ ਸਕਿਆ। ਜਿਸ ਤੋਂ ਉਪਰੰਤ ਰੌਲਾ ਪੈਣ 'ਤੇ ਇਨ੍ਹਾਂ ਦੀ ਬਰਾਦਰੀ ਦੇ ਲੋਕ ਤੇ ਮੰਡੀ 'ਚ ਟੈਂਪੂ ਟਰੱਕ ਵਾਲੇ ਡਰਾਈਵਰ ਦੌੜੇ ਆਏ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਉਨ੍ਹਾਂ ਦੱਸਿਆ ਕਿ ਖਬਰ ਮਿਲਦਿਆਂ ਉਹ ਪੈਟਰੋਲਿੰਗ ਗਸ਼ਤ ਤੋਂ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜੇ ਤੇ ਡੁੱਬੀ ਹੋਈ ਲੜਕੀ ਦੀ ਲਾਸ਼ ਲੱਭਣ ਲਈ ਤੁਰੰਤ ਚੁੱਭੀਮਾਰ ਤੇ ਗੋਤਾਖੋਰ ਬੁਲਾਏ ਪਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਹਾਲੇ ਤਕ ਲਾਸ਼ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ।
ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਮੰਗ 'ਤੇ ਜਾਲ ਵਿਛਾ ਕੇ ਫੜਨ ਵਾਲੇ ਵਿਅਕਤੀਆਂ ਨੂੰ ਵੀ ਬੁਲਾਇਆ ਗਿਆ ਸੀ ਤੇ ਬਹੁਤ ਮਿਹਨਤ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਰਾਮਦ ਕਰਕੇ ਉਸਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਦੀ ਉਮਰ ਕਰੀਬ 13-14 ਸਾਲ ਹੈ। ਉਧਰ ਡੁੱਬੀ ਹੋਈ ਲੜਕੀ ਜਮਨਾ ਦੀ ਮਾਂ ਬਬਲੀ ਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਲੜਕੀ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ, ਜਿਸ ਦੇ ਡੁੱਬ ਜਾਣ 'ਤੇ ਪੂਰੇ ਪਰਿਵਾਰ ਤੇ ਬਿਰਾਦਰੀ 'ਚ ਸ਼ੋਕ ਦੀ ਲਹਿਰ ਹੈ।