ਰੇਲਵੇ ਪਲੇਟਫਾਰਮ ਕੋਲੋਂ ਨਵ-ਜੰਮੇ ਬੱਚੇ ਦਾ ਮਿਲਿਆ ਭਰੂਣ

05/26/2019 12:46:41 PM

ਗਿੱਦੜਬਾਹਾ (ਕੁਲਭੂਸ਼ਨ/ਚਾਵਲਾ) - ਗਿੱਦੜਬਾਹਾ ਰੇਲਵੇ ਸਟੇਸ਼ਨ 'ਤੇ ਇਕ ਮਾਸੂਮ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਲ ਦੇਈਏ ਕਿ ਦੁਪਹਿਰ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਰੇਲਵੇ ਪੁਲਸ ਵਲੋਂ ਭਰੂਣ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਵਿਖੇ ਨਹੀਂ ਲਿਜਾਇਆ ਗਿਆ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਭਰੂਣ ਕਿੰਨੇ ਸਮੇਂ ਦਾ ਹੈ ਅਤੇ ਇਹ ਮਾਦਾ ਹੈ ਜਾਂ ਨਰ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਕਰੀਬ 1:30 ਵਜੇ ਉਕਤ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਦੇ ਨਾਲ ਸਥਿਤ ਰੇਲਵੇ ਦੀ ਖਾਲੀ ਜਗ੍ਹਾ 'ਚ ਬੱਚਿਆਂ ਨੇ ਇਕ ਭਰੂਣ ਦੇਖਿਆ, ਜਿਸ ਬਾਰੇ ਉੱਥੇ ਸਥਿਤ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਪੱਤਰਕਾਰਾਂ ਵਲੋਂ ਮੌਕੇ 'ਤੇ ਜਾ ਦੇਖਿਆ ਗਿਆ ਤਾਂ ਉਸ ਸਮੇਂ ਮ੍ਰਿਤਕ ਹਾਲਤ 'ਚ ਜਾਪਦਾ ਇਕ ਭਰੂਣ ਪਿਆ ਸੀ, ਜਿਸ ਦੇ ਸਿਰ 'ਚ ਛੋਟੀਆਂ-ਛੋਟੀਆਂ ਕੀੜੀਆਂ ਚੱਲ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ਤੋਂ ਭਰੂਣ ਮਿਲਿਆ ਹੈ, ਉਹ ਜਗ੍ਹਾ ਰੇਲਵੇ ਸਟੇਸ਼ਨ ਦੀ ਹਦੂਦ 'ਚ ਸਥਿਤ ਹੈ। ਰੇਲਵੇ ਸਟੇਸ਼ਨ ਗਿੱਦੜਬਾਹਾ ਅਤੇ ਜੀ. ਆਰ. ਪੀ. ਦੀ ਚੌਕੀ ਜਿੱਥੇ ਕਰੀਬ 6 ਮੁਲਾਜ਼ਮੀਂ ਦੀ ਤਾਇਨਾਤੀ ਤੋਂ ਇਲਾਵਾ ਆਰ. ਪੀ. ਐੱਫ. ਦੀ ਚੌਕੀ ਵੀ ਬਣੀ ਹੈ, ਜਿਸ 'ਚ ਕਰੀਬ 4 ਮੁਲਾਜ਼ਮ ਹਨ। ਉਕਤ ਚੌਕੀਆਂ 'ਚ 24 ਘੰਟੇ ਪੁਲਸ ਤਾਇਨਾਤ ਹੋਣ ਦੇ ਬਾਵਜੂਦ ਅਜਿਹੇ ਇਲਾਕੇ 'ਚੋਂ ਭਰੂਣ ਦਾ ਮਿਲਣਾ ਹੈਰਾਨੀਜਨਕ ਅਤੇ ਰੇਲਵੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਪੱਤਰਕਾਰਾਂ ਵਲੋਂ ਰੇਲਵੇ ਪੁਲਸ ਨੂੰ ਇਸ ਸਬੰਧੀ ਸੂਚਿਤ ਕਰਨ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਰੇਲਵੇ ਪੁਲਸ ਵਲੋਂ ਸ਼ਾਮ 5:00 ਵਜੇ ਤੱਕ ਭਰੂਣ ਦੀ ਮੈਡੀਕਲ ਜਾਂਚ ਲਈ ਉਸ ਨੂੰ ਸਿਵਲ ਹਸਪਤਾਲ ਵਿਖੇ ਨਾ ਲਿਜਾਣਾ ਵੀ ਰੇਲਵੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
 

rajwinder kaur

This news is Content Editor rajwinder kaur