ਸਿੱਖ ਮਿਸ਼ਨ ਜੰਮੂ-ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦਾ ਦੇਹਾਂਤ, ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

05/18/2020 6:54:48 PM

ਅੰਮ੍ਰਿਤਸਰ(ਦੀਪਕ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਜੰਮੂ-ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗਿਆਨੀ ਸਵਰਨ ਸਿੰਘ ਅਚਾਨਕ ਦਿਲ ਦੇ ਦੌਰਾ ਪੈ ਜਾਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜੰਮੂ ਵਿਖੇ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪਠਾਨਕੋਟ ਦੇ ਮੀਤ ਮੈਨੇਜਰ ਕੁਲਵਿੰਦਰ ਸਿੰਘ ਨੇ ਦੋਸ਼ਾਲਾ ਭੇਟ ਕੀਤਾ। 

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਗਿਆਨੀ ਸਵਰਨ ਸਿੰਘ ਦੇ ਅਕਾਲ ਚਲਾਣੇ ਨੂੰ ਵੱਡਾ ਪੰਥਕ ਘਾਟਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਅੰਦਰ ਸਿੱਖੀ ਲਹਿਰ ਨੂੰ ਪ੍ਰਚੰਡ ਕਰਨ 'ਚ ਗਿਆਨੀ ਸਵਰਨ ਸਿੰਘ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ ਖਿੱਤੇ ਅੰਦਰ ਕਈ ਵੱਡੇ ਗੁਰਮਤਿ ਸਮਾਗਮਾਂ ਤੋਂ ਇਲਾਵਾ ਹਰ ਗੁਰਦੁਆਰਾ ਸਾਹਿਬਾਨ ਅੰਦਰ ਧਰਮ ਪ੍ਰਚਾਰ ਦੇ ਸਮਾਗਮ ਕੀਤੇ। ਉਨ੍ਹਾਂ ਦੀ ਘਾਟ ਸਿੱਖ ਪੰਥ ਨੂੰ ਹਮੇਸ਼ਾ ਰਹੇਗੀ। ਇਸੇ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਹੋਰ ਅਧਿਕਾਰੀਆਂ ਨੇ ਵੀ ਗਿਆਨੀ ਸਵਰਨ ਸਿੰਘ ਦੇ ਚਲਾਣੇ 'ਤੇ ਅਫਸੋਸ ਪ੍ਰਗਟ ਕੀਤਾ ਹੈ।

Iqbalkaur

This news is Content Editor Iqbalkaur