ਗਿਆਨੀ ਇਕਬਾਲ ਸਿੰਘ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋ ਸਕਦੈ ਕੋਈ ਵੱਡਾ ਫਰਮਾਨ

03/27/2019 2:59:19 PM

ਅੰਮ੍ਰਿਤਸਰ (ਅਣਜਾਣ) : ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਿ. ਇਕਬਾਲ ਸਿੰਘ ਖਿਲਾਫ ਉਨ੍ਹ੍ਹਾਂ ਦੀਆਂ ਪਤਨੀਆਂ, ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿੱਕਰ ਸਿੰਘ ਤੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਲੱਗੇ ਦੋਸ਼ ਦੀ ਪੜਤਾਲ ਕਰਨ ਬਾਰੇ ਬਣਾਈ ਗਈ ਪੜਤਾਲੀਆ ਕਮੇਟੀ ਦੀ ਗੁਪਤ ਮੀਟਿੰਗ ਹੋਈ, ਜਿਸ 'ਚ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਆਦਿ ਹਾਜ਼ਰ ਹੋਏ।ਨਿਰਮਲ ਸਿੰਘ ਠੇਕੇਦਾਰ ਦੇ ਨਿੱਜੀ ਸਹਾਇਕ ਪ੍ਰਿੰਸ ਅਤੇ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵੀ ਸਕੱਤਰੇਤ ਦੇ ਅੰਦਰ ਰਹੇ ਪਰ ਕੋਈ ਇਕ ਘੰਟਾ ਬੈਠਣ ਉਪਰੰਤ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਚਲੇ ਗਏ। ਇਸ ਤੋਂ ਇਲਾਵਾ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿੱਕਰ ਸਿੰਘ ਵੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਨਜ਼ਰ ਆਏ। ਤਕਰੀਬਨ 4 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਬਾਹਰ ਆਉਂਦਿਆਂ ਪੜਤਾਲੀਆ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਨਿਰਮਲ ਸਿੰਘ ਠੇਕੇਦਾਰ ਤੇ ਇੰਦਰਜੀਤ ਸਿੰਘ ਗੋਗੋਆਣੀ ਇਹ ਕਹਿੰਦਿਆਂ ਗੱਲ ਟਾਲ ਗਏ ਕਿ ਅਜੇ ਉਹ ਕਿਸੇ ਆਪਣੇ ਕੰਮ ਆਏ ਹਨ, ਤੁਹਾਨੂੰ ਇਕ ਹਫ਼ਤੇ ਤੱਕ ਸਾਰਾ ਪਤਾ ਲੱਗ ਜਾਵੇਗਾ ਪਰ ਬਹੁਤ ਨੇੜੇ ਦੇ ਅਤੇ ਭਰੋਸੇਯੋਗ ਸੂਤਰਾਂ ਤੋਂ ਕਿਸੇ ਨੇ ਆਪਣਾ ਨਾਂ ਗੁਪਤ ਰੱਖਣ 'ਤੇ ਦੱਸਿਆ ਕਿ ਪੜਤਾਲੀਆ ਕਮੇਟੀ ਨੇ ਆਪਣੀ ਸਿਫਾਰਸ਼ 'ਚ ਇਹ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀਆਂ ਗੈਰ-ਜ਼ਿੰਮੇਵਾਰਾਨਾ ਹਰਕਤਾਂ ਕਾਰਨ ਉਨ੍ਹ੍ਹਾਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਰਵਾਈ ਕਰਨੀ ਚਾਹੀਦੀ ਹੈ।

ਉਧਰ ਪੰਜਾਬੀ ਦੇ ਇਕ ਅਖ਼ਬਾਰ (ਜਗ ਬਾਣੀ ਨਹੀਂ) 'ਚ ਏਜੰਸੀਆਂ ਦੇ ਹਵਾਲੇ ਨਾਲ ਛਪੀ ਖਬਰ ਮੁਤਾਬਿਕ ਗਿ. ਇਕਬਾਲ ਸਿੰਘ ਨੇ ਵੀ ਆਪਣੇ-ਆਪ ਨੂੰ ਬਚਾਉਣ ਲਈ ਮੋਹਰਾ ਸੁੱਟ ਦਿੱਤਾ ਹੈ। ਉਨ੍ਹ੍ਹਾਂ ਸੌਦਾ ਸਾਧ ਦੇ ਮੁਆਫ਼ੀਨਾਮੇ ਵਾਲੀ ਚਿੱਠੀ ਪੜਤਾਲੀਆ ਕਮੇਟੀ ਨੂੰ ਸੌਂਪ ਦਿੱਤੀ ਹੈ, ਜਿਸ 'ਚ ਸੌਦਾ ਸਾਧ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ। ਇਸ ਬਾਰੇ ਗਿਆਨੀ ਇਕਬਾਲ ਸਿੰਘ ਬੀਤੇ ਸਮੇਂ ਪ੍ਰੈੱਸ 'ਚ ਆਪਣਾ ਇਹ ਬਿਆਨ ਦੇ ਚੁੱਕੇ ਹਨ ਕਿ ਇਸ ਚਿੱਠੀ ਨਾਲ ਮੁਆਫ਼ੀ ਸਬੰਧੀ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਵੀ ਕਟਹਿਰੇ 'ਚ ਖੜ੍ਹਾ ਕਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਸੀ। ਜੇ ਗੱਲ ਪੰਜ ਸਿੰਘ ਸਾਹਿਬਾਨ ਦੀ ਕਰੀਏ ਤਾਂ ਉਨ੍ਹਾਂ ਲਈ ਗਿ. ਇਕਬਾਲ ਸਿੰਘ ਖਿਲਾਫ਼ ਫੈਸਲਾ ਲੈਣਾ ਬਹੁਤ ਔਖਾ ਲੱਗਦਾ ਹੈ ਕਿਉਂਕਿ ਗਿ. ਇਕਬਾਲ ਸਿੰਘ ਨੇ ਜਿਹੜੇ ਸਬੂਤ ਪੇਸ਼ ਕੀਤੇ ਹਨ, ਉਸ ਨਾਲ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ, ਹੈੱਡ ਗ੍ਰੰਥੀ ਗਿ. ਗੁਰਮੁੱਖ ਸਿੰਘ ਤੇ ਬਾਦਲ ਪਰਿਵਾਰ ਖਾਸ ਕਰ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ। ਦੇਖਣਾ ਇਹ ਹੈ ਕਿ ਪੰਜ ਸਿੰਘ ਸਾਹਿਬਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਠੋਸ ਫੈਸਲਾ ਲੈਂਦੇ ਹਨ ਜਾਂ ਇਸ ਨੂੰ ਫਿਲਹਾਲ ਠੰਡੇ ਬਸਤੇ 'ਚ ਸੁੱਟ ਦਿੱਤਾ ਜਾਂਦਾ ਹੈ।

Anuradha

This news is Content Editor Anuradha