ਜਥੇਦਾਰ ਦੇ ਯੂ-ਟਰਨ ''ਤੇ ਬੋਲੇ ਰਵਨੀਤ ਬਿੱਟੂ, ਕਿਹਾ ਕੇਂਦਰ ਸਰਕਾਰ ਨੂੰ ਲਿਖਣਗੇ ਚਿੱਠੀ

06/15/2020 7:07:21 PM

ਲੁਧਿਆਣਾ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਵਾਲੇ ਬਿਆਨ 'ਤੇ ਲਏ ਯੂ-ਟਰਨ 'ਤੇ ਰਵਨੀਤ ਬਿੱਟੂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਬਿੱਟੂ ਦਾ ਕਹਿਣਾ ਹੈ ਕਿ ਜਥੇਦਾਰ ਨੇ ਪਹਿਲਾਂ ਵੀ ਖਾਲਿਸਤਾਨ ਦੇ ਮੁੱਦੇ 'ਤੇ ਬਿਆਨ ਦਬਾਅ ਦੇ ਚੱਲਦੇ ਦਿੱਤਾ ਸੀ ਅਤੇ ਹੁਣ ਯੂ-ਟਰਨ ਵੀ ਦਬਾਅ ਵਿਚ ਆ ਕੇ ਲਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਜਥੇਦਾਰ ਵਲੋਂ ਬਿਆਨ ਸਿਰਫ ਅਤੇ ਸਿਰਫ ਖਾਲਿਸਤਾਨ (2020 ਰਿਫਰੰਡਮ) ਦੇ ਮੁੱਦੇ ਨੂੰ ਫਾਇਦਾ ਦਿਵਾਉਣ ਦੇ ਮਕਸਦ ਨਾਲ ਦਿਵਾਇਆ ਗਿਆ ਸੀ। ਬਿੱਟੂ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਜਥੇਦਾਰ ਦੀ ਚੋਣ ਕਿਸ ਵਲੋਂ ਕੀਤੀ ਜਾਂਦੀ ਹੈ। ਲਿਹਾਜ਼ਾ ਉਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਜਾਂ ਜੇ. ਪੀ. ਨੱਢਾ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣੂੰ ਕਰਵਾਉਣਗੇ ਕਿ ਕਿਸ ਤਰ੍ਹਾਂ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਭਾਜਪਾ ਨੂੰ ਇਸ ਬਾਬਤ ਸੁਖਬੀਰ ਬਾਦਲ ਤੋਂ ਸਪੱਸ਼ਟੀਕਰਨ ਮੰਗਣ ਲਈ ਆਖਣਗੇ। 

ਕਾਂਗਰਸੀ ਸਾਂਸਦ ਨੇ ਆਖਿਆ ਕਿ ਪੰਜਾਬ ਪਹਿਲਾਂ ਹੀ ਲੰਮਾ ਸਮਾਂ ਅੱਤਵਾਦ ਦਾ ਸੰਤਾਪ ਹੰਢਾਅ ਚੁੱਕਾ ਹੈ ਅਤੇ ਹੁਣ ਮੁੜ ਪੰਜਾਬ ਵਿਚ ਅੱਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਦਾ ਬਿਆਨ ਦਾ ਬਕਾਇਦਾ ਪੰਨੂੰ ਅਤੇ ਧਾਲੀਵਾਲ ਵਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ, ਜਿਸ ਵਿਚ ਪਾਕਿਸਤਾਨ ਦੇ ਗਰਮ ਖਿਆਲੀਆਂ ਵਲੋਂ ਮਦਦ ਵੀ ਕੀਤੀ ਜਾ ਰਹੀ ਹੈ। ਬਿੱਟੂ ਨੇ ਆਖਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਅਜਿਹੇ ਭੜਕਾਊ ਬਿਆਨ (ਜਥੇਦਾਰ ਦਾ ਬਿਆਨ) ਸੁਨਣ ਤੋਂ ਬਾਅਦ ਕੋਈ ਨੌਜਵਾਨ ਕਿਤੇ ਗਲਤ ਰਸਤਾ ਨਾ ਚੁਣ ਲਵੇ। 

ਕੀ ਹੈ ਮਾਮਲਾ
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ। ਵਿਦੇਸ਼ਾਂ ਵਿਚ ਸਿੱਖ ਰੈਫਰੈਂਡਮ ਦੇ ਨਾਂ 'ਤੇ ਸਿੱਖਾਂ ਨੂੰ ਵਰਗਲਾ ਰਹੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਜਥੇਦਾਰ ਦੇ ਇਸ ਬਿਆਨ ਨੂੰ ਹੱਥੋਂ-ਹੱਥੀਂ ਲਿਆ ਸੀ ਅਤੇ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ 'ਤੇ ਵਰਗਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਸ ਬਿਆਨ ਤੋਂ ਬਾਅਦ ਸੁਰਖੀਆਂ ਵਿਚ ਆਏ ਗਿਆਨੀ ਹਰਪ੍ਰੀਤ ਸਿੰਘ ਨੇ ਹਫਤੇ ਬਾਅਦ ਹੀ ਆਪਣੇ ਬਿਆਨ ਤੋਂ ਯੂ-ਟਰਨ ਮਾਰ ਲਿਆ। ਆਪਣੇ ਤਾਜ਼ਾ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਨੂੰ ਸਿਰਫ ਖਾਲਿਸਤਾਨ ਦੇ ਆਧਾਰ 'ਤੇ ਹੀ ਨਹੀਂ ਪਰਿਭਾਸ਼ਿਤ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਉਹ ਪੰਜਾਬ ਦੇ ਸਿੱਖਾਂ ਨੂੰ ਵਰਗਲਾਉਣ ਦੀ ਪਾਕਿਸਤਾਨ ਦੀ ਮੁਹਿੰਮ ਦਾ ਹਿੱਸਾ ਨਾ ਬਣਨ। ਸਿੱਖਸ ਫ਼ਾਰ ਜਸਟਿਸ ਨੇ ਕਿਹਾ ਸੀ ਕਿ ਭਾਰਤ ਦੇ ਜਿਹੜੇ ਸਿਆਸੀ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਉਹ ਆਗੂ ਕੌਮਾਂਤਰੀ ਮੰਚਾਂ 'ਤੇ ਸਿੱਖ ਕੌਮ ਦੇ ਦੁਸ਼ਮਣ ਕਰਾਰ ਦਿੱਤੇ ਜਾਣਗੇ।

ਅਮਰੀਕਾ ਤੋਂ ਆਪਰੇਟ ਹੋਣ ਵਾਲੀ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ 4 ਜੁਲਾਈ ਤੋਂ ਰੈਫਰੈਂਡਮ 2020 ਨਾਮ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਅਮਰੀਕਾ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਇਹ ਜਥੇਬੰਦੀ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਲੰਬੇ ਸਮੇਂ ਤੋਂ ਸਿੱਖ ਨੌਜਵਾਨਾਂ ਨੂੰ ਵਰਗਲਾਉਣ ਦਾ ਕੰਮ ਕਰਦੀ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿਚ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਲਏ ਬਿਨਾਂ ਉਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੁਝ ਸਿਆਸੀ ਆਗੂ ਉਨ੍ਹਾਂ ਵਲੋਂ 6 ਜੂਨ ਨੂੰ ਦਿੱਤੇ ਗਏ ਬਿਆਨ ਨੂੰ ਲੈ ਕੇ ਗੈਰ-ਜ਼ਰੂਰੀ ਬਿਆਨ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ ਮਨੁੱਖਤਾ 'ਤੇ ਅਧਾਰਿਤ ਕਾਨੂੰਨ ਦਾ ਰਾਜ ਸਿੱਖਾਂ ਦਾ ਜਮਾਂਦਰੂ ਹੱਕ ਹੈ ਤੇ ਵੱਖ-ਵੱਖ ਸਮਿਆਂ ਦੌਰਾਨ ਲੋਕਤੰਤਰ ਦੇ ਦਾਇਰੇ ਵਿਚ ਰਹਿੰਦਿਆਂ ਕਈ ਸਿੱਖ ਆਗੂਆਂ ਨੇ ਇਸ ਮੰਗ ਨੂੰ ਚੁੱਕਿਆ ਹੈ।

Gurminder Singh

This news is Content Editor Gurminder Singh