ਗਿਆਨੀ ਗੁਰਮੁਖ ਸਿੰਘ ਦੇ ਘਰ ਦੀ ਬਿਜਲੀ ਬੰਦ, ਡੇਰਾ ਸਿਰਸਾ ਨੂੰ ਮੁਆਫੀ ਦੇਣ ਦੇ ਮਾਮਲੇ 'ਚ ਹੋ ਗਏ ਸਨ ਬਾਗੀ

09/19/2017 1:18:07 PM


ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਦਿੱਤੀ ਰਿਹਾਇਸ਼ ਦਾ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਹੈ। ਗਿਆਨੀ ਗੁਰਮੁਖ ਸਿੰਘ ਇਸ ਸਮੇਂ ਗੁਰਦੁਆਰਾ ਸ੍ਰੀ ਧੰਨਧਾਨ ਸਾਹਿਬ ਜੀਂਦ ਹਰਿਆਣਾ 'ਚ ਮੁੱਖ ਸੇਵਾਦਾਰ ਦੇ ਅਹੁਦੇ 'ਤੇ ਤੈਨਾਤ ਹਨ। ਉਨ੍ਹਾਂ ਦੀ ਪਤਨੀ ਬੀਬੀ ਸੁਖਰਾਜ ਕੌਰ ਨੇ ਕਿਹਾ ਕਿ 10 ਸੰਤਬਰ ਨੂੰ ਵੀ ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ।

ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ ਕਰਨ ਲਈ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਹੋਰ ਆਕਾਲੀ ਆਗੂਆਂ 'ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਤਖਤ ਦਮਦਮਾ ਸਾਹਿਬ ਦੇ ਜੱਥੇਦਾਰ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰਾ ਸਾਹਿਬ 'ਚ ਤੈਨਾਤ ਕਰ ਦਿੱਤਾ ਸੀ। ਥੋੜੇ ਦਿਨ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੇ ਮੋਗਾ 'ਚ ਡੇਰਾ ਮੁਖੀ ਦੇ ਮੁਆਫੀਨਾਮਾ ਸੰਬਧੀ ਸਪਸ਼ਟੀਕਰਣ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਇਹ ਕਹਿ ਚੁੱਕੇ ਹਨ ਕਿ ਗਿਆਨੀ ਗੁਰਮੁਖ ਸਿੰਘ ਆਪ ਇਕ ਝੂਠੇ ਵਿਅਕਤੀ ਹਨ।

ਉਧਰ ਗਿਆਨੀ ਗੁਰਮੁਖ ਸਿੰਘ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਵਾਲੀ ਰਿਹਾਇਸ਼ ਖਾਲੀ ਕਰਾਉਣ ਲਈ ਐੱਸ. ਜੀ. ਪੀ. ਸੀ. ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦੇ ਘਰ ਦੀ ਬਿਜਲੀ ਅਤੇ ਪਾਣੀ ਬੰਦ ਕਰਵਾ ਦਿੱਤਾ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਹੋਇਆ ਤਾਂ ਇਸਦੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ, ਕਿਰਪਾਲ ਸਿੰਘ ਬਡੂੰਗਰ ਅਤੇ ਮੈਨੇਜਰ ਸੁੱਲਖਣ ਸਿੰਘ ਹੋਣਗੇ।