ਭੂਤਰੇ ਸਾਨ੍ਹ ਨੂੰ ਮੁੱਤੋਂ ਵਾਸੀਆਂ ਨੇ ਕੀਤਾ ਕਾਬੂ

01/14/2018 12:45:29 PM

ਕਾਠਗੜ੍ਹ (ਰਾਜੇਸ਼)— ਪਿੰਡ ਮੁੱਤੋਂ 'ਚ ਪਸ਼ੂਆਂ ਦੀ ਡੇਅਰੀ ਦੇ ਜਾਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਇਕ ਭੂਤਰੇ ਸਾਨ੍ਹ ਨੂੰ ਬੜੀ ਮੁਸ਼ਕਿਲ ਨਾਲ ਪਿੰਡ ਵਾਸੀਆਂ ਨੇ ਕਾਬੂ ਕੀਤਾ। ਡੇਅਰੀ ਦਾ ਕੰਮ ਕਰਦੇ ਪਿੰਡ ਵਾਸੀ ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਇਕ ਆਵਾਰਾ ਭੂਤਰੇ ਸਾਨ੍ਹ ਨੇ ਗਊਆਂ ਦੇ ਵਾੜੇ ਦੁਆਲੇ ਲਾਏ ਤਾਰਾਂ ਦੇ ਜਾਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਜਿਸ ਦਾ ਪਤਾ ਲੱਗਣ 'ਤੇ ਉਸ ਨੇ ਪਿੰਡ ਵਾਸੀਆਂ ਨਾਲ ਇਕੱਠੇ ਹੋ ਕੇ ਉਸ ਨੂੰ ਭਜਾਉਣਾ ਚਾਹਿਆ ਪਰ ਜੋ ਵੀ ਉਸ ਦੇ ਨੇੜੇ ਜਾਂਦਾ, ਸਾਨ੍ਹ ਉਸ ਨੂੰ ਮਾਰਨ ਲਈ ਪੈਂਦਾ। ਬਹੁਤ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਉਸ ਸਾਨ੍ਹ ਨੂੰ ਕਾਬੂ ਕਰਕੇ ਰੱਸੇ ਨਾਲ ਬੰਨ੍ਹ ਲਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਸਾਨ੍ਹ ਨੇ ਉਨ੍ਹਾਂ ਦੇ ਵਾੜੇ ਅੰਦਰ ਵੜ ਕੇ ਗਾਵਾਂ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਜੰਗਲ 'ਚ ਛੱਡਿਆ ਸੀ ਪਰ ਥੋੜ੍ਹੇ ਦਿਨ ਪਹਿਲਾਂ ਉਕਤ ਸਾਨ੍ਹ ਮੁੜ ਇਸ ਪਿੰਡ ਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨ੍ਹ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦਾ ਹੈ ਤੇ ਸੜਕਾਂ 'ਤੇ ਖੜ੍ਹ ਕੇ ਆਉਂਦੇ/ਜਾਂਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦਾ ਹੈ, ਜਦਕਿ ਸਕੂਲ ਜਾਣ ਵਾਲਿਆਂ ਨੂੰ ਸਕੂਲ ਆਉਣ/ਜਾਣ 'ਚ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਆਵਾਰਾ ਸਾਨ੍ਹਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ।


ਇਸੇ ਤਰ੍ਹਾਂ ਪਿੰਡ ਸੁੱਧਾ ਮਾਜਰਾ 'ਚ ਵੀ ਆਵਾਰਾ ਸਾਨ੍ਹਾਂ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਠਗੜ੍ਹ ਕਸਬੇ 'ਚ ਵੀ ਆਵਾਰਾ ਸਾਨ੍ਹਾਂ ਅਤੇ ਬੇਸਹਾਰਾ ਗਾਵਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾਵਾਂ 'ਚ ਭੇਜਿਆ ਜਾਵੇ।