ਸਾਲ 2020: ਡੀ. ਸੀ. ਘਨਸ਼ਾਮ ਥੋਰੀ ਲਈ ਚੁਣੌਤੀਆਂ ਭਰਿਆ ਰਿਹਾ ਜਲੰਧਰ ਜ਼ਿਲ੍ਹੇ ਦਾ ਕਾਰਜਭਾਰ

12/28/2020 4:05:54 PM

ਜਲੰਧਰ (ਚੋਪੜਾ)— ਕੋਵਿਡ-19 ਦੇ ਸੰਕਟਮਈ ਸਮੇਂ ’ਚ ਜ਼ਿਲ੍ਹਾ ਪ੍ਰਸ਼ਾਸਨ ਲਈ ਸਾਲ 2020 ਬੇਹੱਦ ਖੱਟੇ-ਮਿੱਠੇ ਤਜਰਬਿਆਂ ਭਰਿਆ ਰਿਹਾ। ਕੋਰੋਨਾ ਵਾਇਰਸ ਦੌਰਾਨ ਤਤਕਾਲੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੀ ਜਗ੍ਹਾ ਟਰਾਂਸਫਰ ਹੋ ਕੇ ਜਲੰਧਰ ਜ਼ਿਲੇ੍ਹ ਦੀ ਕਮਾਨ ਸੰਭਾਲਣ ਵਾਲੇ ਘਨਸ਼ਾਮ ਥੋਰੀ ਲਈ ਜ਼ਿਲੇ੍ਹ ਦਾ ਕਾਰਜਭਾਰ ਨਵੀਆਂ ਚੁਣੌਤੀਆਂ ਭਰਿਆ ਸਾਬਤ ਹੋਇਆ। ਘਨਸ਼ਾਮ ਘਨਸ਼ਾਮ ਥੋਰੀ ਨੇ ਇਕ ਪਾਸੇ ਜਿੱਥੇ ਲੋਕਾਂ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਉਮੀਦ ਬਣਾਈ ਰੱਖਣ ਦੀ ਵੱਡੀ ਜ਼ਿੰਮੇਵਾਰੀ ਨਿਭਾਉਣੀ ਸੀ ਅਤੇ ਦੂਜੇ ਪਾਸੇ ਲੋਕਾਂ ’ਚ ਸਦਭਾਵਨਾ, ਵਿਕਾਸ ਅਤੇ ਮਨੁੱਖੀ ਅਹਿਸਾਸ ਦੀ ਕਿਰਨ ਜਗਾਈ ਰੱਖਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣੀਆਂ ਸਨ। ਹਾਲਾਂਕਿ ਨਵੇਂ ਜ਼ਿਲ੍ਹੇ ’ਚ ਬਹੁਤ ਮੁਸ਼ਕਿਲ ਹਾਲਾਤ ਦਾ ਮੁਕਾਬਲਾ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਕਾਫ਼ੀ ਹੱਦ ਤੱਕ ਸਫ਼ਲ ਵੀ ਸਾਬਤ ਹੋਏ ਹਨ।

ਘਨਸ਼ਾਮ ਥੋਰੀ ਦੀ ਅਗਵਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੱਥੇ ਇਹ ਯਕੀਨੀ ਬਣਾਇਆ ਕਿ ਲੋਕ ਵਾਇਰਸ ਦਾ ਸ਼ਿਕਾਰ ਨਾ ਹੋ ਜਾਣ, ਉਥੇ ਹੀ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਉਚਿਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਪ੍ਰਸ਼ੰਸਾਯੋਗ ਭੂਮਿਕਾ ਨਿਭਾਈ। ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ’ਚ ਸਭ ਤੋਂ ਅੱਗੇ ਰਹੀ। ਹਾਲਾਂਕਿ ਕੋਵਿਡ-19 ਨਾਲ ਏ. ਡੀ. ਸੀ . ਵਿਸ਼ੇਸ਼ ਸਾਰੰਗਲ, ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਸਮੇਤ ਪ੍ਰਸ਼ਾਸਨ ਦੇ ਕਈ ਆਲਾ-ਅਧਿਕਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਪਰ ਇਨ੍ਹਾਂ ਸਭ ਕੋਰੋਨਾ ਯੋਧਿਆਂ ਨੇ ਵਾਇਰਸ ਖ਼ਿਲਾਫ਼ ਜੰਗ ਨੂੰ ਜਿੱਤਣ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਦਾ ਬਾਖੂਬੀ ਨਿਰਬਾਹ ਕਰਨਾ ਜਾਰੀ ਰੱਖਿਆ।

ਇਹ ਵੀ ਪੜ੍ਹੋ : ਸਾਲ 2020 ’ਚ ਕੋਰੋਨਾ ਦੌਰਾਨ ਜਲੰਧਰ ਪੁਲਸ ਨੇ ਮਨੁੱਖਤਾਵਾਦੀ ਪੁਲਸਿੰਗ ਦੀ ਨਵੀਂ ਮਿਸਾਲ ਕੀਤੀ ਪੇਸ਼

ਡਿਪਟੀ ਕਮਿਸ਼ਨਰ ਨੇ ਵੀ ਕੋਰੋਨਾ ਲਾਗ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ, ਵਿਸ਼ਵਾਸ ਅਤੇ ਲੋਕਾਂ ’ਚ ਇਕਜੁੱਟਤਾ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨਾਲ ਨਿਰੰਤਰ ਸੰਵਾਦ ਦਾ ਸਿਲਸਿਲਾ ਬਣਾਈ ਰੱਖਿਆ। ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਉਚਿਤ ਇਲਾਜ ਨੂੰ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਨਾਲ ਸਬੰਧਤ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਨੇ ਇਹ ਵੀ ਯਕੀਨੀ ਬਣਾਇਆ ਕਿ ਜਲੰਧਰ ਦਾ ਸਿਵਲ ਹਸਪਤਾਲ ਅਗਲੇ ਤਿੰਨ ਮਹੀਨਿਆਂ ’ਚ ਆਕਸੀਜਨ ਉਤਪਾਦਨ ਪਲਾਂਟ ਦੀ ਸਰਕਾਰੀ ਸਿਹਤ ਸਹੂਲਤ ਵਾਲਾ ਪੰਜਾਬ ਦਾ ਪਹਿਲਾ ਹਸਪਤਾਲ ਬਣ ਗਿਆ, ਜਿੱਥੇ 700 ਐੱਲ. ਪੀ. ਐੱਮ. ਦੀ ਸਮਰੱਥਾ ਵਾਲੇ ਇਸ ਪਲਾਂਟ ਦਾ ਕੰਮ ਤੇਜ਼ੀ ਨਾਲ ਕੰਪਲੀਟ ਕਰਨ ਲਈ 88.20 ਲੱਖ ਰੁਪਏ ਦੇ ਟੈਂਡਰ ਜਲੰਧਰ ਸਥਿਤ ਇਕ ਪ੍ਰਾਈਵੇਟ ਫਰਮ ਨੂੰ ਦਿੱਤੇ ਗਏ ਹਨ, ਜਿਸ ਨੂੰ ਫਰਵਰੀ 2021 ਦੇ ਅੰਤਿਮ ਹਫਤੇ ਤਕ ਕੰਮ ਪੂਰਾ ਕਰਨਾ ਹੋਵੇਗਾ। ਪਲਾਂਟ ਵੱਲੋਂ ਰੋਜ਼ਾਨਾ 700 ਐੱਲ. ਪੀ. ਐੱਮ. ਆਕਸੀਜਨ ਦਾ ਉਤਪਾਦਨ ਕੀਤਾ ਜਾਵੇਗਾ, ਜਿਹੜਾ ਕਿ 225-230 ਸਿਲੰਡਰਾਂ ਦੇ ਬਰਾਬਰ ਹੈ। ਦੂਜੀ ਕੋਵਿਡ-19 ਲਹਿਰ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਚ ਪਲਾਂਟ ਦੀ ਸ਼ੁਰੂਆਤ ਨਾਲ ਵੈਂਡਰਾਂ ਵੱਲੋਂ ਇਥੇ ਵਰਤੇ ਜਾਣ ਵਾਲੇ ਸਿਲੰਡਰਾਂ ਦੀ ਹੋਰ ਹਸਪਤਾਲਾਂ ਵਿਚ ਵੀ ਸਪਲਾਈ ਕੀਤੀ ਜਾ ਸਕੇਗੀ।

ਪ੍ਰਧਾਨ ਮੰਤਰੀ ਐਵਾਰਡਾਂ ਲਈ ਟਾਪ-5 ਸੂਚੀ ’ਚ ਜਗ੍ਹਾ ਬਣਾਈ
ਡਿਪਟੀ ਕਮਿਸ਼ਨਰ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਵਿਚ ਜਲੰਧਰ ਸੂਬੇ ਦਾ ਅਜਿਹਾ ਪਹਿਲਾ ਅਤੇ ਇਕਲੌਤਾ ਜ਼ਿਲਾ ਬਣਿਆ, ਜਿਸ ਨੇ ਸਰਵਿਸ ਡਲਿਵਰੀ ਵਿਚ ਸੁਧਾਰ ਲਿਆਉਣ ਦੀ ਸ਼੍ਰੇਣੀ ’ਚ ਦਿੱਤੇ ਜਾਣ ਵਾਲੇ ਪ੍ਰਧਾਨ ਮੰਤਰੀ ਐਵਾਰਡਾਂ ਲਈ ਟਾਪ-5 ਸੂਚੀ ਵਿਚ ਜਗ੍ਹਾ ਬਣਾਈ ਕਿਉਂਕਿ ਜਲੰਧਰ ਸਰਕਾਰ ਵੱਲੋਂ ਜੁਲਾਈ ਤੋਂ ਨਿਰਧਾਰਿਤ ਸਮਾਂ-ਹੱਦ ਵਿਚ ਜਨਤਕ ਸੇਵਾਵਾਂ ਪ੍ਰਦਾਨ ਕਰਨ ’ਚ ਸੂਬੇ ਭਰ ’ਚ ਅੱਗੇ ਰਿਹਾ ਅਤੇ ਜ਼ਿਲ੍ਹੇ ਦਾ ਹੁਣ ਤਕ ਸਭ ਤੋਂ ਘੱਟ ਪੈਂਡੈਂਸੀ ਰੇਟ ਹੈ। ਘਨਸ਼ਾਮ ਥੋਰੀ ਦੀ ਅਗਵਾਈ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੇ ਪੈਮਾਨੇ ’ਤੇ ਪੈਂਡੈਂਸੀ ਨੂੰ ਖ਼ਤਮ ਕਰਨ ਲਈ ਸੇਵਾ ਕੇਂਦਰਾਂ ’ਚ ਘੱਟ ਪੈਂਡੈਂਸੀ ਵਾਲਾ ਪੰਜਾਬ ਦਾ ਇਕਲੌਤਾ ਜ਼ਿਲ੍ਹਾ ਬਣ ਗਿਆ।

ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਫੇਜ਼-2 ਅਧੀਨ ਜ਼ਿਲੇ੍ਹ ’ਚ 663.41 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਕੀਤਾ ਸ਼ੁਰੂ
ਘਨਸ਼ਾਮ ਥੋਰੀ ਦੀ ਅਗਵਾਈ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੱਲੋਂ ਆਰੰਭ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਫੇਜ਼-2 ਅਧੀਨ ਜ਼ਿਲ੍ਹੇ ਵਿਚ 663.41 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਫ਼ਲਤਾਪੂਰਵਕ ਸ਼ੁਰੂ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਲਈ ਜਗਰਾਵਾਂ ਪਿੰਡ ਵਿਚ 525.85 ਕਰੋੜ ਰੁਪਏ ਦੀ ਲਾਗਤ ਨਾਲ 275 ਐੱਮ. ਐੱਲ. ਡੀ. ਵਾਟਰ ਟ੍ਰੀਟਮੈਂਟ ਪਲਾਂਟ ਵਾਲੇ ਸਰਫੇਸ ਵਾਟਰ ਸੋਰਸ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਨਿਰਮਾਣ, ਫੋਲੜੀਵਾਲ ’ਚ 69.72 ਕਰੋੜ ਰੁਪਏ ਦੀ ਲਾਗਤ ਨਾਲ 50 ਐੱਮ. ਐੱਲ. ਡੀ. ਦੇ ਨਵੇਂ ਐੱਸ. ਟੀ. ਪੀ. ਦਾ ਨਿਰਮਾਣ ਅਤੇ ਮੌਜੂਦਾ 100 ਐੱਮ. ਐੱਲ. ਡੀ. ਐੱਸ. ਟੀ. ਪੀ. ਦੀ ਫਿਰ ਸਥਾਪਨਾ, ਪੈਨ ਸਿਟੀ ਵਿਚ 43.83 ਕਰੋੜ ਰੁਪਏ ਨਾਲ ਐੱਲ. ਈ. ਡੀ. ਲਾਈਟਾਂ ਅਤੇ ਜਲੰਧਰ ਦੀਆਂ 12 ਨਗਰ ਕੌਂਸਲਾਂ ਵਿਚ 24 ਕਰੋੜ ਰੁਪਏ ਦੇ 203 ਵਿਕਾਸ ਕਾਰਜ ਸ਼ਾਮਲ ਹਨ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਸਮਾਰਟ ਵਿਲੇਜ ਕੰਪੇਨ ਫੇਜ਼-2 ਤਹਿਤ 149.21 ਕਰੋੜ ਰੁਪਿਆਂ ਨਾਲ 106 ਪਿੰਡਾਂ ’ਚ 3201 ਵਿਕਾਸ ਪ੍ਰਾਜੈਕਟ ਕੀਤੇ ਸ਼ੁਰੂ
ਜ਼ਿਲ੍ਹਾ ਪ੍ਰਸ਼ਾਸਨ ਨੇ ਦਿਹਾਤੀ ਇਲਾਕੇ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਮਾਰਟ ਵਿਲੇਜ ਕੰਪੇਨ ਫੇਜ਼-2 ਅਧੀਨ 149.21 ਕਰੋੜ ਰੁਪਿਆਂ ਦੀ ਲਾਗਤ ਨਾਲ ਜਲੰਧਰ ਦੇ 106 ਪਿੰਡਾਂ ’ਚ 3201 ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ। ਇਸ ਯੋਜਨਾ ਦੇ ਪਹਿਲੇ ਪੜਾਅ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਜਲੰਧਰ ਦੇ 96 ਪਿੰਡਾਂ ’ਚ ਵਿਕਾਸ ਪ੍ਰਾਜੈਕਟਾਂ ਨੂੰ ਯਕੀਨੀ ਬਣਾਉਂਦੇ ਹੋਏ 41.46 ਕਰੋੜ ਰੁਪਏ ਖਰਚ ਕੀਤੇ ਹਨ, ਜਦਕਿ ਦੂਜੇ ਪੜਾਅ ਵਿਚ ਸੜਕਾਂ ਦੇ ਮੁੱਢਲੇ ਢਾਂਚੇ ਦਾ ਵਿਕਾਸ, ਸਟਰੀਟ ਲਾਈਟ ਸਿਸਟਮ, ਨਵੀਆਂ ਸੀਵਰੇਜ ਲਾਈਨਾਂ ਵਿਛਾਉਣ, ਥਾਪਰ ਮਾਡਲ ਛੱਪੜਾਂ ਦੀ ਸਥਾਪਨਾ, ਇੰਟਰਲਾਕਿੰਗ ਟਾਈਲਾਂ, ਸ਼ਮਸ਼ਾਨਘਾਟਾਂ ’ਚ ਸ਼ੈੱਡ, ਠੋਸ ਕੂੜਾ ਪ੍ਰਬੰਧਨ, ਸੀਵਰੇਜ ਵੇਸਟ ਦਾ ਨਿਪਟਾਰਾ, ਪੰਚਾਇਤ ਘਰਾਂ ਦੇ ਨਿਰਮਾਣ, ਨਵੇਂ ਖੇਡ ਮੈਦਾਨ, ਕਮਿਊਨਿਟੀ ਸੈਂਟਰ ਅਤੇ ਹੋਰ ਕਾਰਜ ਸ਼ਾਮਲ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ

16 ਹੈਲਥ ਐਂਡ ਵੈੱਲਨੈੱਸ ਸੈਂਟਰ ਜ਼ਿਲੇ੍ਹ ਨੂੰ ਸਮਰਪਿਤ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਵੱਖ-ਵੱਖ ਯੋਜਵਾਨਾਂ ਨੂੰ ਕੀਤਾ ਲਾਗੂ
ਕੋਵਿਡ-19 ਦੇ ਮੱਦੇਨਜ਼ਰ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਮੁੱਢਲੇ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਇਰਾਦੇ ਨਾਲ ਪ੍ਰਸ਼ਾਸਨ ਨੇ 16 ਹੈਲਥ ਐਂਡ ਵੈੱਲਨੈੱਸ ਸੈਂਟਰ (ਤੰਦਰੁਸਤ ਪੰਜਾਬ ਸਿਹਤ ਕੇਂਦਰ) ਜਲੰਧਰ ਨੂੰ ਸਮਰਪਿਤ ਕੀਤੇ। ਇਹ ਕੇਂਦਰ ਕਮਿਊਨਿਟੀ ਹੈਲਥ ਅਧਿਕਾਰੀਆਂ ਵੱਲੋਂ ਚਲਾਏ ਜਾ ਰਹੇ ਹਨ ਅਤੇ ਵੱਖ-ਵੱਖ ਗੈਰ-ਸੰਚਾਰੀ ਬੀਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ ਅਤੇ ਹੋਰ ਬੀਮਾਰੀਆਂ ਦਾ ਇਲਾਜ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੂੰ ਰਾਜ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਿਜਵੇਂ ਸਮਾਰਟ ਵਿਲੇਜ ਕੰਪੇਨ, ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ, ਪੰਜਾਬ ਸ਼ਹਿਰੀ ਆਵਾਸ ਯੋਜਨਾ, ਗਾਰਡੀਅਨ ਆਫ ਗਵਰਨੈਂਸ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕਿਸਾਨੀ (ਐੱਮ. ਜੀ. ਐੱਸ. ਵੀ. ਆਈ.), ਕਿਸਾਨੀ ਕਰਜ਼ ਮੁਆਫ਼ੀ ਸਕੀਮ ਅਤੇ ਹੋਰ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਦਾ ਮਾਣ ਵੀ ਪ੍ਰਾਪਤ ਕੀਤਾ।

10 ਲੱਖ ਮੀਟ੍ਰਿਕ ਟਨ ਝੋਨੇ ਤੇ ਕਣਕ ਦੀ ਫਸਲ ਦੀ ਨਿਰਵਿਘਨ ਖਰੀਦ ਕਰਵਾਈ
ਕੋਰੋਨਾ ਵਾਇਰਸ ਦੇ ਬਾਵਜੂਦ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨ ਨੇ ਠੋਸ ਕੋਸ਼ਿਸ਼ਾਂ ਸਦਕਾ ਜ਼ਿਲੇ ਵਿਚ ਲਗਭਗ ਪੰਜ ਲੱਖ ਮੀਟ੍ਰਿਕ ਟਨ ਝੋਨੇ ਅਤੇ ਕਰੀਬ ਪੰਜ ਲੱਖ ਮੀਟ੍ਰਿਕ ਟਨ ਕਣਕ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖਰੀਦ ਕੀਤੀ ਗਈ। ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ, ਇਹ ਯਕੀਨੀ ਬਣਾਉਣ ਲਈ ਜ਼ਿਲੇ ’ਚ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਸ ਵਿਆਪਕ ਕਾਰਜ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਿਤ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri