ਘੱਗਰ ਦਾ ਕਹਿਰ ਬਰਕਰਾਰ, ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ''ਤੇ

08/21/2019 11:36:07 AM

ਪਟਿਆਲਾ, ਘਨੌਰ (ਜੋਸਨ, ਅਲੀ)—ਘੱਗਰ ਦਰਿਆ ਦਾ ਕਹਿਰ ਅੱਜ ਵੀ ਜਿਉਂ ਦਾ ਤਿਉਂ ਰਿਹਾ। ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੀ ਰਿਹਾ। ਜਿਹੜੇ ਪਿੰਡਾਂ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਾਣੀ ਚੜ੍ਹਿਆ ਸੀ, ਉਹ ਥੱਲੇ ਨਹੀਂ ਉੱਤਰਿਆ। ਲੋਕਾਂ ਦੀ ਮਦਦ ਲਈ ਪਿੰਡਾਂ ਵਿਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਕਾਮੀ ਖੁਰਦ, ਜੰਡ ਮੰਗੌਲੀ, ਚਮਾਰੂ, ਰਾਏਪੁਰ ਨਨਹੇੜੀ, ਉਂਟਸਰ, ਸੰਜਰਪੁਰ, ਗਦਾਪੁਰ ਅਤੇ ਬੱਲੋਪੁਰ ਦਾ ਦੌਰਾ ਕੀਤਾ। ਕਿਸਾਨਾਂ ਸਮੇਤ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਜੱਟ ਮਹਾਸਭਾ ਬਲਜੀਤ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਸਰਵਾਰਾ, ਮੰਗਤ ਸਿੰਘ ਜੰਗਪੁਰਾ, ਰਣਧੀਰ ਸਿੰਘ ਕਾਮੀ ਖੁਰਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਡੀ. ਸੀ. ਪਟਿਆਲਾ ਅਤੇ ਹੋਰ ਸਬੰਧਤ ਉੱਚ ਅਧਿਕਾਰੀਆਂ ਨਾਲ ਮਿਲ ਕੇ ਖਾਕਾ ਤਾਂ ਤਿਆਰ ਕਰ ਲਿਆ ਗਿਆ ਹੈ ਪਰ ਸਮਾਂ ਰਹਿੰਦੇ ਇਸ ਨੂੰ ਜ਼ਮੀਨ 'ਤੇ ਲਾਗੂ ਕਰਵਾਉਣ ਵਿਚ ਕਿਤੇ ਨਾ ਕਿਤੇ ਕੁਤਾਹੀ ਰਹਿ ਗਈ ਹੈ। ਉਹ ਆਸਵੰਦ ਹਨ ਕਿ ਜਲਦ ਤੋਂ ਜਲਦ ਮੁੱਖ ਮੰਤਰੀ ਨੂੰ ਮਿਲ ਕੇ ਸਥਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ। ਸਬੰਧਤ ਵਿਭਾਗ ਦੇ ਮੰਤਰੀ ਨੂੰ ਘਨੌਰ ਹਲਕੇ ਦੇ ਡਰੇਨਿੰਗ ਸਿਸਟਮ ਦੀ ਮੌਜੂਦਾ ਸਥਿਤੀ ਦਿਖਾਉਣ ਲਈ ਦੌਰਾ ਕਰਵਾਇਆ ਜਾਵੇਗਾ। ਜਲਾਲਪੁਰ ਨੇ ਆਸ ਪ੍ਰਗਟਾਈ ਕਿ ਘਨੌਰ ਨੂੰ ਬਰਸਾਤੀ ਪਾਣੀ ਦੇ ਹੜ੍ਹ ਦੀ ਮਾਰ ਤੋਂ ਹਮੇਸ਼ਾ ਲਈ ਸੁਰੱਖਿਅਤ ਕੀਤਾ ਜਾਵੇਗਾ।

ਘੱਗਰ ਅਤੇ ਨਦੀਆਂ ਦੀ ਸਫ਼ਾਈ ਨਹੀਂ ਹੋਈ
ਪਾਣੀ ਦੇ ਕਹਿਰ ਤੋਂ ਦੁਖੀ ਹੋਏ ਲੋਕਾਂ ਨੇ ਇਸ ਮੌਕੇ ਆਖਿਆ ਕਿ ਕੁਝ ਦਿਨ ਪਹਿਲਾਂ ਆਏ ਹੜ੍ਹ ਤੋਂ ਬਾਅਦ ਵੀ ਅਧਿਕਾਰੀਆਂ ਨੇ ਘੱਗਰ ਅਤੇ ਹੋਰ ਨਦੀਆਂ ਦੀ ਸਫ਼ਾਈ ਨਹੀਂ ਕਰਵਾਈ, ਜਿਸ ਕਾਰਣ ਅੱਜ ਫਿਰ ਉਨ੍ਹਾਂ ਨੂੰ ਡੁੱਬਣਾ ਪਿਆ ਹੈ। ਲੋਕਾਂ ਨੇ ਕਿਹਾ ਕਿ ਪਿਛਲੇ ਦਿਨੀ ਆਏ ਹੜ੍ਹਾਂ ਤੋਂ ਸਬਕ ਲੈਂਦੇ ਹੋਏ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਲਕੇ ਵਿਚ ਨਵੀਆਂ ਪੁਲੀਆਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਚਾਹੀਦੀ ਸੀ। ਘੱਗਰ ਵਿਚੋਂ ਮਿੱਟੀ, ਜੰਗਲੀ ਬੂਟੀ ਅਤੇ ਡਿੱਗੇ ਹੋਏ ਦਰੱਖਤਾਂ ਨੂੰ ਕੱਢਿਆ ਜਾਣਾ ਚਾਹੀਦਾ ਸੀ। ਐੱਸ. ਵਾਈ. ਐੱਲ. ਨਹਿਰ ਅਤੇ ਪੱਚੀ ਦੱਰੇ ਦੀ ਸਫ਼ਾਈ ਦੇ ਨਾਲ-ਨਾਲ ਸਾਈਫ਼ਨਾਂ, ਬੰਨ੍ਹਾਂ ਅਤੇ ਭਾਗਨਾ ਡਰੇਨ ਦੀ ਸਫ਼ਾਈ ਕਰਵਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰ ਲਿਆ ਜਾਣਾ ਚਾਹੀਦਾ ਸੀ। ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਪੱਖ ਤੋਂ ਯਤਨ ਕਰਨ ਲਈ ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ। ਇਸ ਦਾ ਖ਼ਮਿਆਜ਼ਾ ਇਕ ਵਾਰ ਫਿਰ ਕਿਸਾਨਾਂ ਨੂੰ ਫ਼ਸਲ-ਰੂਪੀ ਅਤੇ ਗਰੀਬ ਪਰਿਵਾਰਾਂ ਨੂੰ ਮਕਾਨਾਂ-ਰੂਪੀ ਨੁਕਸਾਨ ਦੇ ਰੂਪ 'ਚ ਮਾਲੀ ਨੁਕਸਾਨ ਝੱਲਣਾ ਪਿਆ ਹੈ।

ਘੱਗਰ ਵਿਚ ਅੱਜ ਵੀ ਵਗਦਾ ਰਿਹਾ ਪਾਣੀ 13 ਫੁੱਟ ਤੋਂ ਉੱਪਰ
ਪਟਿਆਲਾ ਵਿਚ ਅੱਜ ਪੂਰੀ ਤਰ੍ਹਾਂ ਧੁੱਪ ਨਿਕਲੀ ਰਹੀ। ਇਸ ਦੇ ਬਾਵਜੂਦ ਵੀ ਪਿਛਲੇ ਰਾਜਾਂ ਤੋਂ ਪਾਣੀ ਆਉਣ ਕਾਰਣ ਘੱਗਰ ਵਿਚ 13 ਫੁੱਟ ਦੇ ਕਰੀਬ ਪਾਣੀ ਰਿਹਾ। ਇਸ ਦੇ ਨਾਲ ਹੀ ਮਾਰਕੰਡਾ ਨਦੀ 18.5 ਫੁੱਟ ਤੱਕ ਚੱਲ ਰਹੀ ਸੀ। ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ 13.5 ਫੁੱਟ 'ਤੇ ਚੱਲ ਰਹੀ ਸੀ। ਪਟਿਆਲਾ ਨਦੀ ਵਿਚ ਪਾਣੀ ਕੋਈ ਬਹੁਤਾ ਨਹੀਂ ਸੀ।

ਹਸਪਤਾਲ ਵੱਲ ਕੈਪਟਨ ਧਿਆਨ ਦੇਣ : ਪਵਨ ਗੁਪਤਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਡੇ ਬਹੁਤ ਸਾਰੇ ਮੱਤਭੇਦ ਹੋ ਸਕਦੇ ਹਨ। ਉਨ੍ਹਾਂ ਕੱਲ ਆਪ ਹੜ੍ਹ ਦੇ ਪਾਣੀ ਵਿਚ ਉੱਤਰ ਕੇ ਪੰਜਾਬ ਦੇ ਲੋਕਾਂ ਖਾਸ ਤੌਰ 'ਤੇ ਹੜ੍ਹ-ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਅਫਸਰਾਂ ਨੂੰ ਹੱਲ ਕਰਨ ਲਈ ਸਖ਼ਤ ਹੁਕਮ ਦਿੱਤੇ। ਸ਼ਿਵ ਸੈਨਾ ਹਿੰਦੁਸਤਾਨ ਉਸ ਦੀ ਪ੍ਰਸ਼ੰਸਾ ਕਰਦੀ ਹੈ। ਨਾਲ ਹੀ ਇਹ ਉਮੀਦ ਜਤਾਉਂਦੀ ਹੈ ਕਿ ਉਹ ਇਸ ਤਰ੍ਹਾਂ ਆਪਣੇ ਸ਼ਹਿਰ ਪਟਿਆਲਾ ਵਿਚ ਆਮ ਜਨਤਾ ਦੀ ਜੀਵਨ ਰੇਖਾ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ ਅਤੇ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਦੀ ਕਾਇਆ-ਕਲਪ ਕਰਨ ਦੀ ਕੋਸ਼ਿਸ਼ ਕਰਨਗੇ।

Shyna

This news is Content Editor Shyna