ਘੱਗਰ ਦਰਿਆ ’ਚ ਮੰਡਰਾਇਆ ਹੜ੍ਹਾਂ ਦਾ ਖਤਰਾ, ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਿਆ ਪਾਣੀ ਦਾ ਪੱਧਰ

07/11/2023 6:03:54 PM

ਮੂਨਕ/ਖਨੌਰੀ (ਗਰਗ, ਪ੍ਰਕਾਸ਼) : ਹਲਕਾ ਲਹਿਰਾ ਦੇ ਖਨੌਰੀ ਅਤੇ ਮੂਨਕ ਇਲਾਕੇ ’ਚੋਂ ਲੰਘਦੇ ਘੱਗਰ ਦਰਿਆ ’ਚ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਹੈ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਲ, ਐੱਸ. ਐੱਸ. ਪੀ. ਸੁਰਿੰਦਰਪਾਲ ਲਾਂਬਾ, ਏ. ਡੀ. ਸੀ. ਅਨਮੋਲ ਰਤਨ, ਐੱਸ. ਡੀ. ਐੱਮ. ਸੂਬਾ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਹਾਈ ਲੇਵਲ ਬੈਠਕ ਕਰਦਿਆਂ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਵੇਖਦੇ ਹੋਏ ਅਗਾਊਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ 24 ਘੰਟੇ ਮੌਕੇ ’ਤੇ ਰਹਿਣ ਦੀਆਂ ਸਖ਼ਤ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤਾਂ ਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ।

ਘਬਰਾਓ ਨਾ, ਸੁਚੇਤ ਰਹੋ, ਹਰ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਬੰਧ ਮੁਕੰਮਲ : ਵਿਧਾਇਕ ਗੋਇਲ

ਬੈਠਕ ਉਪਰੰਤ ਵਿਧਾਇਕ ਗੋਇਲ ਨੇ ਆਲਾ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਮਕੋਰੜ ਸਾਹਿਬ, ਬੰਗਾ, ਸੁਰਜਨ ਭੈਣੀ, ਸਲੇਮਗੜ੍ਹ ਅਤੇ ਹੋਰਨਾਂ ਦਰਜਨਾਂ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਘਬਰਾਉਣ ਦੀ ਲੋੜ ਨਹੀਂ, ਬਲਕਿ ਸੁਚੇਤ ਰਹਿਣ ਦੀ ਲੋੜ ਹੈ, ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪਾਣੀ ਦਾ ਲੈਵਲ 741 ਤੇ 743 ਹੈ ਖਤਰੇ ਦਾ ਨਿਸ਼ਾਨ

ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਵਿਧਾਇਕ ਗੋਇਲ ਕਿਹਾ ਕਿ ਘੱਗਰ ਦਰਿਆ ’ਚ ਪਾਣੀ ਦਾ ਲੈਵਲ 741 ’ਤੇ ਚੱਲ ਰਿਹਾ ਹੈ, ਜ਼ਿਕਰਯੋਗ ਹੈ ਕਿ ਘੱਗਰ ’ਚ ਪਾਣੀ ਦਾ ਲੇਬਲ 728 ਤੋਂ ਗੇਜ ਸ਼ੁਰੂ ਹੁੰਦਾ ਹੈ, ਮੌਜੂਦਾ ਸਮੇਂ ’ਚ 741 ’ਤੇ ਪਹੁੰਚ ਗਿਆ, 743 ’ਤੇ ਖਤਰੇ ਦਾ ਨਿਸ਼ਾਨ ਹੈ ਪਰ ਪਿੱਛੇ ਟਾਂਗਰੀ ਅਤੇ ਮਾਰਕੰਡਾ ਨਦੀਆਂ ਦੇ ਉਫਾਨ ਦੇ ਚੱਲਦੇ ਘੱਗਰ ਦਰਿਆ ’ਚ ਜਲਸਤਰ ਵਧਣ ਦੀ ਸੰਭਾਵਨਾ ਹੈ। ਸੰਭਾਵੀ ਖਤਰੇ ਨੂੰ ਦੇਖਦੇ ਹੋਏ ਘੱਗਰ ਦੇ ਕੰਢੇ 4-4 ਕਿਲੋਮੀਟਰ ਦੇ ਦਾਇਰੇ ’ਚ 6 ਕਲੱਸਟਰ ਪੱਧਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ, ਸਿੰਚਾਈ ਵਿਭਾਗ, ਪੰਚਾਇਤ ਸਕੱਤਰਾਂ, ਪੁਲਸ ਅਤੇ ਐੱਨ. ਡੀ. ਆਰ. ਐੱਫ. ਦੇ ਜਵਾਨ ਟੀਮ ਦੇ ਤੌਰ ’ਤੇ ਕਾਰਜਸ਼ੀਲ ਰਹਿਣਗੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੌਕਸੀ ਰੱਖਣਗੇ। ਉਥੇ ਹੀ ਲੱਖਾਂ ਖਾਲੀ ਥੈਲਿਆਂ, ਰਹਿਣ, ਖਾਣ-ਪੀਣ, ਬਿਜਲੀ ਦੇ ਜਨਰੇਟਰਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਲਸਟਰ ਬਣਾ ਕੇ ਅਧਿਕਾਰੀਆਂ ਦੀ 24 ਘੰਟੇ ਤਾਇਨਾਤੀ ਦੇ ਨਾਲ-ਨਾਲ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਸੂਬੇ ’ਚ ਹੜ੍ਹਾਂ ਦੀ ਸਥਿਤੀ ’ਤੇ ਖੁਦ ਪਲ ਪਲ ਦੀ ਰਿਪੋਰਟ ਲੈ ਰਹੇ ਹਨ ਤੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ’ਚ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ, ਉਨ੍ਹਾਂ ਲੋਕਾਂ ਗਲਤ ਅਫਵਾਹਾਂ ਨਾ ਫੈਲਾਉਣ ਦੇ ਨਾਲ-ਨਾਲ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਕਜੁੱਟ ਹੋ ਕੇ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਦਾ ਟਾਕਰਾ ਕੀਤਾ ਜਾ ਸਕੇ। ਘੱਗਰ ਦੀ ਸਫਾਈ ’ਚ ਵੀ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡ ਗਈ ਅਤੇ ਇਲਾਕੇ ਦੇ ਲੋਕ ਘੱਗਰ ਦੀ ਸਫਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਵਿਧਾਇਕ ਗੋਇਲ ਉਨ੍ਹਾਂ ਦੇ ਪੁੱਤਰ ਗੌਰਵ ਗੋਇਲ, ਓ. ਐੱਸ. ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ, ਮਾਰਕੀਟ ਕਮੇਟੀ ਦੇ ਚੈਅਰਮੈਨ ਸ਼ੀਸਪਾਲ ਅਨੰਦ, ਟਰੱਕ ਯੂਨੀਅਨ ਮੂਨਕ ਦੇ ਪ੍ਰਧਾਨ ਸਤੀਸ਼ ਕੁਮਾਰ ਗਰਗ ਸਤਿਗੁਰ ਸਿੰਘ ਮੰਨਿਆਣਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Gurminder Singh

This news is Content Editor Gurminder Singh