ਮੁੱਖ ਮੰਤਰੀ ਵੱਲੋਂ ਫਗਵਾੜਾ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਤੋਂ ਜਨਰਲ ਸਮਾਜ ਨਿਰਾਸ਼

04/25/2018 6:21:24 AM

ਫਗਵਾੜਾ (ਜਲੋਟਾ, ਹਰਜੋਤ)  - 13 ਅਪ੍ਰੈਲ ਦੀ ਅੱਧੀ ਰਾਤ ਨੂੰ ਜਾਤੀ ਹਿੰਸਾ ਦਾ ਫਲੈਸ਼ ਪੁਆਇੰਟ ਬਣੇ ਗੋਲ ਚੌਕ ਦੇ ਨਾਂ ਨੂੰ ਲੈ ਕੇ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਬੰਧ ਵਿਚ ਅੱਜ ਗੋਲ ਚੌਕ ਇਕ ਵਾਰ ਫਿਰ ਉਦੋਂ ਸੁਰਖੀਆਂ ਵਿਚ ਆ ਗਿਆ, ਜਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਦਲਿਤ ਨੇਤਾਵਾਂ ਦੇ ਨਾਲ ਚੰਡੀਗੜ੍ਹ ਵਿਚ ਬੈਠਕ ਕਰਨ ਤੋਂ ਬਾਅਦ ਉਕਤ ਚੌਕ ਦਾ ਨਾਂ ਸਰਕਾਰੀ ਤੌਰ 'ਤੇ ਸੰਵਿਧਾਨ ਚੌਕ ਕਰਨ 'ਤੇ ਆਪਣੀ ਸਹਿਮਤੀ ਜਤਾਉਣ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
 ਇਸ ਦੌਰਾਨ ਫਗਵਾੜਾ ਕਾਂਗਰਸ ਪਾਰਟੀ ਅੰਦਰ ਭੂਚਾਲ ਆ ਗਿਆ, ਜਦ ਸਥਾਨਕ ਬੰਗਾ ਰੋਡ 'ਤੇ ਜਨਰਲ ਸਮਾਜ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਰੋਸ ਧਰਨੇ 'ਤੇ ਬੈਠੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਵਿਚ ਕਈ ਸੀਨੀਅਰ ਨੇਤਾਵਾਂ ਜਿਨ੍ਹਾਂ 'ਚ ਬਲਾਕ ਕਾਂਗਰਸ ਫਗਵਾੜਾ ਦੇ ਪ੍ਰਧਾਨ ਸੰਜੀਵ ਬੁੱਗਾ (ਕੌਂਸਲਰ ਕਾਂਗਰਸ ਕਮੇਟੀ), ਕੌਂਸਲਰ ਮੁਨੀਸ਼ ਪ੍ਰਭਾਕਰ, ਕਾਂਗਰਸੀ ਕੌਂਸਲਰ ਜਤਿੰਦਰ ਵਰਮਾਨੀ, ਸਤਬੀਰ ਸਿੰਘ ਸਾਹਬੀ, ਨਰੇਸ਼ ਭਾਰਦਵਾਜ ਸਣੇ ਕਈ ਵੱਡੇ ਕਾਂਗਰਸੀ ਨੇਤਾਵਾਂ ਨੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਉਕਤ ਫੈਸਲੇ ਨਾਲ ਅਸਹਿਮਤੀ ਜਤਾਉਂਦੇ ਹੋਏ ਜਨਤਕ ਤੌਰ 'ਤੇ ਰੋਸ ਧਰਨੇ ਵਿਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਐਲਾਨ ਕਰ ਦਿੱਤਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਕਾਂਗਰਸ ਪਾਰਟੀ ਵਿਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ।  ਰੋਸ ਧਰਨੇ 'ਤੇ ਬੈਠੇ ਲੋਕਾਂ ਤੇ ਕਾਂਗਰਸੀ ਨੇਤਾਵਾਂ ਵਿਚ ਖਾਸ ਕਰਕੇ ਭਾਰੀ ਨਾਰਾਜ਼ਗੀ ਇਸ ਨੂੰ ਲੈ ਕੇ ਰਹੀ ਕਿ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਪਹੁੰਚੇ ਦਲਿਤ ਨੇਤਾਵਾਂ ਦੇ ਵਫਦ ਵਿਚ ਫਗਵਾੜਾ ਦਾ ਇਕ ਅਜਿਹਾ ਦਲਿਤ ਨੇਤਾ ਵੀ ਸ਼ਾਮਲ ਸੀ, ਜਿਸ ਦੀ ਪੁਲਸ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਨਰਲ ਸਮਾਜ ਦੇ ਲੋਕ ਅੱਜ ਦੇਰ ਰਾਤ ਤੱਕ ਸ਼ਹਿਰ ਵਿਚ ਰੋਸ ਧਰਨਾ ਲਾ ਕੇ ਉਸ 'ਤੇ ਕਈ ਤਰ੍ਹਾਂ ਦੇ ਦੋਸ਼ ਲਾ ਰਹੇ ਸਨ। ਖਬਰ ਲਿਖੇ ਜਾਣ ਤੱਕ ਕਾਂਗਰਸੀ ਨੇਤਾਵਾਂ ਵੱਲੋਂ ਇਕ ਤੋਂ ਬਾਅਦ ਇਕ ਕਰ ਕੇ ਕਾਂਗਰਸ ਪਾਰਟੀ ਤੋਂ ਆਪਣੇ ਅਸਤੀਫੇ ਦੇਣ ਦੇ ਐਲਾਨਾਂ ਦਾ ਦੌਰ ਵਿਵਾਦਤ ਗੋਲ ਚੌਕ ਦੇ ਨਾਂ ਨੂੰ ਸੰਵਿਧਾਨ ਚੌਕ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਤੋਂ ਬਾਅਦ ਲਗਾਤਾਰ ਜਾਰੀ ਹੈ। ਇਸ ਦੌਰਾਨ ਜਨਰਲ ਸਮਾਜ ਦੇ ਲੋਕਾਂ, ਦੁਕਾਨਦਾਰਾਂ ਤੇ ਪਤਵੰਤਿਆਂ ਨੇ ਰੋਸ ਧਰਨੇ ਦੌਰਾਨ ਕਾਂਗਰਸ ਪਾਰਟੀ ਫਗਵਾੜਾ ਦੇ ਇਕ ਵੱਡੇ ਰਾਜਨੇਤਾ ਦਾ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਨਗਰ ਨਿਗਮ ਗੋਲ ਚੌਕ ਨੂੰ ਸੰਵਿਧਾਨ ਚੌਕ ਨਹੀਂ ਬਣਨ ਦੇਵੇਗੀ : ਮੇਅਰ ਖੋਸਲਾ
ਜਨਰਲ ਸਮਾਜ ਦੇ ਲੋਕਾਂ ਵੱਲੋਂ ਦੁਕਾਨਦਾਰਾਂ ਤੇ ਫਗਵਾੜਾ ਵਾਸੀਆਂ ਦੇ ਨਾਲ ਦੇਰ ਰਾਤ ਤੱਕ ਜਾਰੀ ਰੋਸ ਧਰਨੇ 'ਚ ਸ਼ਾਮਲ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਉਹ ਬਤੌਰ ਮੇਅਰ ਹੁਣ ਕਿਸੇ ਵੀ ਕੀਮਤ 'ਤੇ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਨਹੀਂ ਹੋਣ ਦੇਣਗੇ।  ਉਨ੍ਹਾਂ ਕਿਹਾ ਕਿ ਗੋਲ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਹੋਵੇਗਾ ਅਤੇ ਨਿਗਮ 'ਚ ਹਾਊਸ ਦੀ ਸਹਿਮਤੀ ਨਾਲ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਪਾਸ ਕਰਵਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ।