ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦਾ ਵਫਦ ਨਵੇਂ ਮੰਤਰੀਆਂ ਨੂੰ ਮਿਲਿਆ

04/26/2018 12:00:12 AM

ਰੂਪਨਗਰ, (ਜ.ਬ.)- ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦਾ ਵਫਦ ਫੈੱਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਾਮ ਲਾਲ ਸ਼ਰਮਾ ਦੀ ਅਗਵਾਈ 'ਚ ਪੰਜਾਬ ਸਿਵਲ ਸਕੱਤਰੇਤ 'ਚ ਨਵੇਂ ਬਣੇ ਮੰਤਰੀਆਂ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗਠਨ ਦੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਧਾਮੀ ਨੇ ਦੱਸਿਆ ਕਿ ਨਵੇਂ ਬਣੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ, ਜਿਨ੍ਹਾਂ 'ਚ ਮੁਲਾਜ਼ਮਾਂ ਦੀਆਂ ਪਦਉੱਨਤੀਆਂ ਸਬੰਧੀ ਮਾਣਯੋਗ ਹਾਈਕੋਰਟ ਦਾ ਫੈਸਲਾ ਲਾਗੂ ਕਰਨ ਦੀ ਲਈ ਕਿਹਾ ਗਿਆ। 
ਇਸ ਦੇ ਮੁਤਾਬਕ ਪਦਉੱਨਤੀਆਂ 'ਚ ਐੱਸ.ਸੀ./ਐੱਸ.ਟੀ. ਵਰਗ ਨੂੰ ਮਿਲਦਾ ਰਾਖਵਾਂਕਰਨ ਦਾ ਲਾਭ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਟ੍ਰੋਸਟੀ ਐਕਟ 1989 ਦੇ ਸਬੰਧ 'ਚ ਮਾਣਯੋਗ ਸੁਪਰੀਮ ਕੋਰਟ ਦਾ 20 ਮਾਰਚ ਦਾ ਫੈਸਲਾ ਵੀ ਲਾਗੂ ਕਰਨ ਲਈ ਕਿਹਾ ਗਿਆ। ਜਨਰਲ ਕੈਟਾਗਰੀ ਲਈ ਸਟੇਸ਼ਨ ਕਮਿਸ਼ਨ ਸਥਾਪਤ ਕੀਤਾ ਗਿਆ। ਇਸੇ ਤਰ੍ਹਾਂ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਮਿਲ ਕੇ ਉਨ੍ਹਾਂ ਦੇ ਵਿਭਾਗ 'ਚ ਬੀਤੇ ਲੰਬੇ ਸਮੇਂ ਤੋਂ ਚੀਫ ਇੰਜੀਨੀਅਰ ਦੇ ਖਾਲੀ ਅਹੁਦਿਆਂ ਸਬੰਧੀ ਜਾਣੂ ਕਰਵਾਇਆ ਗਿਆ, ਜਿਸ 'ਤੇ ਸੀਨੀਆਰਤਾ ਅਤੇ ਮੈਰਿਟ 'ਤੇ ਭਰਤੀ ਕਰਨ ਦੀ ਮੰਗ ਕੀਤੀ। ਪ੍ਰੈੱਸ ਸਕੱਤਰ ਸਤਨਾਮ ਸਿੰਘ ਧਾਮੀ ਨੇ ਦੱਸਿਆ ਕਿ ਸਾਰੇ ਮੰਤਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਵਫਦ ਨੇ ਇਸ ਦੌਰਾਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸੁਖਵਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ, ਬਲਵੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਰਾਮ ਸ਼ਰਮਾ ਅਤੇ ਅਰੁਣ ਕੁਮਾਰ ਵੀ ਮੌਜੂਦ ਸਨ।