ਪੰਜਾਬ ਦਾ ਮਾਹੌਲ ਕਿਸੇ ਵੀ ਸੂਰਤ ''ਚ ਖਰਾਬ ਨਹੀਂ ਹੋਣ ਦਿਆਂਗੇ : ਬਿਪਿਨ ਰਾਵਤ

11/13/2018 1:37:22 AM

ਪਠਾਨਕੋਟ,(ਆਦਿਤਿਆ, ਸ਼ਾਰਦਾ)— ਪੰਜਾਬ 'ਚ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਦੇ ਉਭਰਨ ਨੂੰ ਲੈ ਕੇ ਕੇਂਦਰ ਨੇ ਇਸ ਮਾਮਲੇ 'ਚ ਪੂਰੀ ਤਰ੍ਹਾਂ ਮਾਨੀਟਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਉਭਰਨ ਸਬੰਧੀ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਉਹ ਫੌਜ ਦੇ ਜਨਰਲ ਹਨ ਅਤੇ ਉਨ੍ਹਾਂ ਨੂੰ ਅੱਤਵਾਦੀ ਧਮਕੀ ਦੇਣ ਸਬੰਧੀ ਕੋਈ ਤਾਲੁਕ ਨਹੀਂ ਬਣਦਾ। ਇਸ ਦੇ ਬਾਵਜੂਦ ਪੰਜਾਬ ਦਾ ਮਾਹੌਲ ਕਿਸੇ ਵੀ ਸੂਰਤ 'ਚ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ, ਉਥੇ ਹੀ ਸੂਬੇ ਦੀ ਜਨਤਾ ਵੀ ਪੰਜਾਬ ਦੀ ਅਮਨ ਸ਼ਾਂਤੀ ਦੀ ਫਿਜ਼ਾ 'ਚ ਜ਼ਹਿਰ ਨਹੀਂ ਘੁਲਣ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਵਲੋਂ ਸੈਨਿਕ ਛਾਉਣੀ ਮਾਮੂਨ 'ਚ ਸਾਬਕਾ ਫੌਜੀਆਂ ਅਤੇ ਯੁੱਧ 'ਚ ਸ਼ਹੀਦ ਫੌਜੀਆਂ ਦੇ ਪਰਿਵਾਰ ਲਈ ਦੋ ਦਿਨਾ ਸਨਮਾਨ ਸਮਾਗਮ ਮੌਕੇ ਮੁੱਖ ਮਹਿਮਾਨ ਵਜੋ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਵਿਸ਼ੇਸ਼ ਮਹਿਮਾਨ ਫੌਜ ਕਮਾਂਡਰ ਲੈਫ. ਜਨਰਲ ਸੁਰਿੰਦਰ ਸਿੰਘ, ਕਮਾਂਡਰ ਲੈਫ. ਜਨਰਲ ਰਣਵੀਰ ਸਿੰਘ, ਜਨਰਲ ਅਫ਼ਸਰ ਕਮਾਂਡਿੰਗ ਰਾਈਜ਼ਿੰਗ ਸਟਾਰ ਕੋਰ ਦੇ ਲੈਫ. ਜਨਰਲ ਵਾਈ. ਵੀ. ਕੇ. ਮੋਹਨ ਸਮੇਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪੱਛਮੀ ਕਮਾਂਡ ਤੇ ਗੁਰਜ ਡਵੀਜ਼ਨ ਦੇ ਫੌਜ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਮੌਕੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਕੀਰਤੀ ਚੱਕਰ ਜੇਤੂ ਸੁਨੀਲ ਕੁਮਾਰ ਰਾਜਧਾਨ, ਮੇਜਰ ਦਵਿੰਦਰ ਪਾਲ ਸਿੰਘ, ਸਤਿੰਦਰ ਸਾਗਵਾਨ, ਸੂਬੇਦਾਰ ਮੇਜਰ ਭਾਨਾ ਸਿੰਘ ਪਹੁੰਚੇ।

ਫੌਜ ਮੁਖੀ ਰਾਵਤ ਨੇ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਯੁੱਧ ਦੇ ਖੇਤਰ 'ਚ ਚਾਹੇ ਉਹ ਐਮਰਜੈਂਸੀ, ਸਰਜੀਕਲ ਸਟਰਾਈਕ ਹੋਵੇ ਜਾਂ ਫਿਰ ਅੱਤਵਾਦ ਨਾਲ ਮੁਕਾਬਲਾ ਕਰਨਾ ਹੋਵੇ, ਲਈ ਭਾਰਤੀ ਫੌਜ ਦਾ ਹਰੇਕ ਜਵਾਨ ਦੇਸ਼ ਦੀ ਰੱਖਿਆ ਖਾਤਰ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਫੌਜ ਦਾ ਜਵਾਨ ਮੁਸ਼ਕਲ ਤੋਂ ਮੁਸ਼ਕਲ ਹਾਲਾਤ 'ਚ ਪਹਾੜਾਂ ਦੀਆਂ ਚੋਟੀਆਂ ਤੇ ਰੇਗਿਸਤਾਨ 'ਚ ਖੜ੍ਹਾ ਹੋ ਕੇ ਦੇਸ਼ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਘਾਟੀ ਦੇ ਸਥਾਨਕ ਨੌਜਵਾਨ ਜ਼ਿਆਦਾ ਹਨ। ਹੁਣ ਬਰਫਬਾਰੀ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਪਾਕਿ ਵੱਲੋਂ ਇਸ ਦੀ ਆੜ 'ਚ ਭਾਰਤੀ ਖੇਤਰ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ ਪਰ ਭਾਰਤੀ ਫੌਜੀ ਪੂਰੀ ਤਰ੍ਹਾਂ ਚੌਕਸ ਹੈ।

ਫੌਜ ਮੁਖੀ ਰਾਵਤ ਨੇ ਕਿਹਾ ਕਿ ਕਸ਼ਮੀਰ ਘਾਟੀ ਦੇ ਵਰਗਲਾਏ ਨੌਜਵਾਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਸ ਸਬੰਧ 'ਚ ਵਿਸ਼ਵਾਸ 'ਚ ਲੈ ਕੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਤੇਜ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋ ਟੁਕ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਸੂਰਤ 'ਚ ਸਮਝੌਤਾ ਬਰਦਾਸ਼ਤ ਨਹੀਂ ਹੈ।
ਇਸ ਮੌਕੇ ਮੁੱਖ ਮਹਿਮਾਨ ਫੌਜ ਮੁਖੀ ਬਿਪਿਨ ਰਾਵਤ ਨੇ ਬ੍ਰਾਂਡ ਅੰਬੈਸਡਰਾਂ ਤੇ ਯੁੱਧ 'ਚ ਜ਼ਖ਼ਮੀ ਫੌਜੀਆਂ ਦੇ ਪਰਿਵਾਰ ਨਾਲ ਜਾਣ ਪਛਾਣ ਕਰ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਅਤੇ ਉਕਤ ਸੂਰਵੀਰ ਯੁੱਧਾਵਾਂ ਦੀ ਹੌਸਲਾ-ਅਫਜ਼ਾਈ ਲਈ ਉਨ੍ਹਾਂ ਨੂੰ ਪੂਰਾ ਸਨਮਾਨ ਦਿੰਦੇ ਹੋਏ ਸਨਮਾਨਤ ਕੀਤਾ। ਇਸ ਦੌਰਾਨ ਉਨ੍ਹਾਂ ਚੱਲਣ-ਫਿਰਨ 'ਚ ਪੂਰੀ ਤਰ੍ਹਾਂ ਬੇਕਾਰ ਹੋ ਚੁੱਕੇ ਸੂਰਵੀਰ ਯੋਧਿਆਂ ਨੂੰ ਸਕੂਟਰੀ ਦੀਆਂ ਚਾਬੀਆਂ ਭੇਟ ਕੀਤੀਆ।

ਪ੍ਰੋਗਰਾਮ ਦੌਰਾਨ ਭਾਰਤੀ ਫੌਜ ਵਲੋਂ ਸਾਬਕਾ ਫੌਜ ਤੇ ਯੁੱਧ 'ਚ ਜ਼ਖ਼ਮੀ ਫੌਜੀਆਂ ਦੀ ਭਲਾਈ ਲਈ ਵੱਖ-ਵੱਖ ਕੈਂਪ ਲਾਏ ਗਏ, ਜਿਸ ਦਾ ਫੌਜ ਮੁਖੀ ਵਿਪਨ ਰਾਵਤ ਨੇ ਨਿਰੀਖਣ ਕੀਤਾ। ਇਸ ਦੌਰਾਨ ਕੈਂਪ ਵਿਚ ਕੇਂਦਰ ਤੇ ਰਾਜ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਦੀ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਦੌਰਾਨ ਪ੍ਰੋਗਰਾਮ ਵਿਚ ਸਾਰਾਗੜ੍ਹੀ ਦੀ ਲੜਾਈ ਦੇ ਮਾਰਸ਼ਲ ਆਰਟ, ਬੈਂਡ ਡਿਸਪਲੇ, ਲਾਈਟ ਐਂਡ ਸਾਊਂਡ ਸ਼ੋ, ਸੰਗੀਤ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ।