ਰਸੋਈ ਗੈਸ ਸਿਲੰਡਰ ਫਟਣ ਨਾਲ ਘਰ ਦੀਆਂ ਛੱਤਾਂ ਡਿੱਗੀਆਂ

11/27/2018 4:37:01 PM

ਰੂਪਨਗਰ (ਵਿਜੇ) : ਪਿੰਡ ਖੈਰਾਬਾਦ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਘਰ ਦੇ ਸਟੋਰ 'ਚ ਰੱਖੇ ਰਸੋਈ ਗੈਸ ਸਿਲੰਡਰ ਫਟਣ ਨਾਲ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਸਟੋਰ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਘਰ 'ਚ ਰਹਿ ਰਹੇ ਲਖਵੀਰ ਸਿੰਘ (45) ਪੁੱਤਰ ਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਘਰ 'ਚ ਬਣੇ ਸਟੋਰ 'ਚ ਪਹਿਲਾਂ ਸਪਾਰਕਿੰਗ ਹੋਈ ਅਤੇ ਬਾਅਦ 'ਚ ਉੱਥੇ ਪਏ ਸਿਲੰਡਰ 'ਚ ਧਮਾਕਾ ਹੋ ਗਿਆ। 
ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਟੋਰ ਰੂਮ ਅਤੇ ਨਾਲ ਲੱਗਦੇ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਸਟੋਰ 'ਚ ਪਏ ਬਿਸਤਰੇ, ਕੱਪੜੇ ਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ ਸਬੰਧੀ ਸਦਰ ਥਾਣੇ 'ਚ ਸੂਚਨਾ ਦਿੱਤੀ ਗਈ ਅਤੇ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਜਾਂਚ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਵਾਲ-ਵਾਲ ਬਚਾਅ ਹੋ ਗਿਆ।