ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਮੱਚੀ ਹਫੜਾ-ਦਫੜੀ
Tuesday, Dec 19, 2017 - 01:08 AM (IST)

ਤਪਾ ਮੰਡੀ, (ਸ਼ਾਮ, ਗਰਗ)- ਬਾਗ ਬਸਤੀ 'ਚ ਇਕ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਭੋਲਾ ਰਾਮ ਪੁੱਤਰ ਦੇਵ ਰਾਜ ਢਿਲਵਾਂ ਵਾਲੇ ਦਾ ਪਰਿਵਾਰ ਸਵੇਰੇ ਕਮਰਿਆਂ ਤੋਂ ਬਾਹਰ ਗੈਸ ਵਾਲੀ ਭੱਠੀ 'ਤੇ ਪਾਣੀ ਗਰਮ ਕਰ ਰਿਹਾ ਸੀ ਕਿ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ 'ਚ ਹਫੜਾ-ਦਫੜੀ ਮਚਣ ਕਾਰਨ ਬਾਹਰ ਗਲੀ 'ਚ ਰੌਲਾ ਪੈਣ ਕਰਕੇ ਗੁਆਂਢੀਆਂ ਨੇ ਪਾਣੀ ਦੀਆਂ ਬਾਲਟੀਆਂ ਤੇ ਕੋਲ ਪਈ ਰੇਤਾ ਬੱਠਲਾਂ ਨਾਲ ਭਰ ਕੇ ਸਿਲੰਡਰ 'ਤੇ ਪਾਉਣੀ ਸ਼ੁਰੂ ਕਰ ਦਿੱਤੀ।
ਸਿਲੰਡਰ ਨੂੰ ਰੇਤਾ 'ਚ ਦੱਬ ਕੇ ਗੈਸ ਏਜੰਸੀ ਦੇ ਮਾਲਕਾਂ ਨੂੰ ਇਸ ਬਾਰੇ ਦੱਸਿਆ, ਜਿਸ 'ਤੇ ਤੁਰੰਤ ਕਰਮਚਾਰੀ ਮੌਕੇ 'ਤੇ ਛੋਟੇ ਅੱਗ ਬੁਝਾਊ ਯੰਤਰ ਲੈ ਕੇ ਪਹੁੰਚ ਗਏ ਤੇ ਰੇਤਾ 'ਚ ਦੱਬੇ ਸਿਲੰਡਰ ਨੂੰ ਬਾਹਰ ਕੱਢਿਆ, ਜੋ ਉਸ ਸਮੇਂ ਵੀ ਬਦਬੂ ਮਾਰ ਰਿਹਾ ਸੀ। ਕਰਮਚਾਰੀਆਂ ਨੇ ਦੱਸਿਆ ਕਿ ਰੈਗੂਲੇਟਰ ਹੇਠਾਂ ਰਬੜ ਨਾ ਹੋਣ ਕਾਰਨ ਗੈਸ ਇਕ ਥਾਂ 'ਤੇ ਹੀ ਇਕੱਠੀ ਹੁੰਦੀ ਰਹੀ, ਜਿਸ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ।